
ਨਵੀਂ ਦਿੱਲੀ 01,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ( Bhagwant Mannl) ਨੂੰ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਇੱਕ ਸੰਵੇਦਨਸ਼ੀਲ ਸੂਬਾ ਹੈ, ਇਸਨੂੰ ਅਣਜਾਣ ਵਿਅਕਤੀਆਂ ਵੱਲੋਂ ਚਲਾਇਆ ਜਾ ਰਿਹਾ ਹੈ। ਸੂਬੇ ਦੇ ਐਸ.ਐਸ.ਪੀਜ਼ ਅਤੇ ਡੀ.ਸੀਜ਼ ਦੀ ਤਾਇਨਾਤੀ ਸਮੇਤ ਸਾਰੇ ਜ਼ਰੂਰੀ ਫੈਸਲੇ ਅਰਵਿੰਦ ਕੇਜਰੀਵਾਲ ਵੱਲੋਂ ਲਏ ਜਾ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾਂ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਆਰਪੀਜੀ ਬੰਬ ਧਮਾਕਾ, ਫ਼ਿਰ ਪਟਿਆਲਾ ਵਿਖੇ ਦੋ ਭਾਈਚਾਰਿਆਂ ‘ਚ ਟਕਰਾਅ, ਦੋ ਦਿਨ ਪਹਿਲਾਂ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦਾ ਗੋਲ਼ੀਆਂ ਮਾਰ ਕੇ ਦਿਨ-ਦਿਹਾੜੇ ਕਤਲ ਅਤੇ ਅੱਜ ਲੁਧਿਆਣਾ ਨੇੜੇ 3 ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ‘ਤੇ ਸਵਾਰੀਆਂ ਨਾਲ ਭਰੀ ਬੱਸ ਦੇ ਕੰਡਕਟਰ ਨਾਲ ਲੁੱਟਖੋਹ ਹੋਈ ਹੈ ,ਕੀ ਇਹ ‘ਬਦਲਾਵ’ ਹੈ?
ਉਨ੍ਹਾਂ ਨੇ ਕਿਹਾ ਕਿ ਅਮਨ-ਕਨੂੰਨ ਦੇ ਮੂੰਹ ‘ਤੇ ਚਪੇੜ ਮਾਰਦੀਆਂ ਅਜਿਹੀਆਂ ਘਟਨਾਵਾਂ ਪੰਜਾਬ ‘ਚ ਹਰ ਰੋਜ਼ ਵਾਪਰ ਰਹੀਆਂ ਹਨ ਅਤੇ ਅਜਿਹੇ ਅਰਾਜਕਤਾ ਭਰੇ ਦੌਰ ‘ਚੋਂ ਪੰਜਾਬ ਪਹਿਲੀ ਵਾਰ ਲੰਘਣ ਨੂੰ ਮਜਬੂਰ ਹੋਇਆ ਹੈ, ਜਿਸ ਦਾ ਸਿੱਧਾ ਕਾਰਨ ਹੈ ਭਗਵੰਤ ਮਾਨ ਦੀ ‘ਫ਼ਰਜ਼ੀ’ ਸਰਕਾਰ ਉੱਤੇ ਦਿੱਲੀ ਬੈਠੇ ਕੇਜਰੀਵਾਲ ਦਾ ਰਿਮੋਟ ਕੰਟਰੋਲ। ਗ਼ੈਰ-ਤਜਰਬੇਕਾਰ, ਗ਼ੈਰ-ਜ਼ਿੰਮੇਵਾਰ ਤੇ ਗ਼ੈਰ-ਪੰਜਾਬੀਆਂ ਦੇ ਫ਼ੈਸਲਿਆਂ ਦੀ ਮੁਥਾਜ ਸਰਕਾਰ ਸਰਹੱਦੀ ਸੂਬੇ ਪੰਜਾਬ ਨੂੰ ਕਿਵੇਂ ਸੰਭਾਲ਼ੇਗੀ? ਸੰਭਵ ਹੀ ਨਹੀਂ !
