
ਚੰਡੀਗੜ੍ਹ 27 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਝੰਜੋੜ ਸੁੱਟਿਆ ਹੈ। ਜਿਉਂ-ਜਿਉਂ ਸੰਘਰਸ਼ ਭਖ ਰਿਹਾ ਹੈ, ਪਾਰਟੀ ਵਿੱਚ ਅਸਤੀਫਿਆਂ ਦੀ ਗਿਣਤੀ ਵਧ ਰਹੀ ਹੈ। ਹੁਣ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸੂਬਾਈ ਕਾਰਜਕਾਰਨੀ ਦੇ ਮੈਂਬਰ ਤੇ ਸੀਨੀਅਰ ਵਕੀਲ ਕਿਸ਼ਨ ਸਿੰਘ ਰਾਜਪੁਰਾ ਨੇ ਪਾਰਟੀ ਦੀ ਕਾਰਜਕਾਰਨੀ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਆਪਣਾ ਅਸਤੀਫ਼ਾ ਭੇਜਣ ਦੀ ਪੁਸ਼ਟੀ ਕਰਦਿਆਂ ਐਡਵੋਕੇਟ ਕਿਸ਼ਨ ਸਿੰਘ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਆਖਿਆ ਕਿ ਉਨ੍ਹਾਂ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ ’ਤੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਸੰਵਿਧਾਨਕ ਹਨ, ਪੰਜਾਬ ਦੀ ਆਰਥਿਕਤਾ ਖੇਤੀਬਾੜੀ ’ਤੇ ਨਿਰਭਰ ਕਰਦੀ ਹੈ ਪਰ ਪੰਜਾਬ ਨੂੰ ਕਿਸੇ ਹੋਰ ਦੇਸ਼ ਦਾ ਸੂਬਾ ਸਮਝ ਕੇ ਖੇਤੀ ਕਾਨੂੰਨ ਰੱਦ ਕਰਨ ਦੀ ਬਜਾਏ ਭਾਜਪਾ ਆਗੂ ਕਿਸਾਨਾਂ ਨੂੰ ਨਕਸਲਵਾੜੀ ਤੇ ਖਾਲਿਸਤਾਨੀ ਕਹਿ ਕੇ ਭੰਡ ਰਹੇ ਹਨ, ਜੋ ਦੇਸ਼ ਦੇ ਹਿੱਤ ਵਿੱਚ ਨਹੀਂ।
ਮੋਦੀ ਨੇ ਇਸ ਸਾਲ ਆਖਰੀ ਵਾਰ ਕੀਤੀ ‘ਮਨ ਕੀ ਬਾਤ’, ਜਾਣੋ ਕੀ ਬੋਲੇ
ਇਸ ਦੇ ਨਾਲ ਹੀ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਖਲਿਆਣ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 3 ਮਹੀਨਿਆਂ ਤੋਂ ਬੜੇ ਭਰੇ ਮਨ ਨਾਲ ਆਪਣਾ ਸਮਾਂ ਕੱਢ ਰਹੇ ਸਨ। ਹੁਣ ਉਨ੍ਹਾਂ ਕਿਸਾਨਾਂ ਨਾਲ ਖੜ੍ਹੇ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਕੀ ਅਹੁਦੇ ਬਾਅਦ ਵਿੱਚ ਆਉਂਦੇ ਹਨ, ਪਹਿਲਾਂ ਉਹ ਕਿਸਾਨ ਹਨ।
ਦੱਸ ਦਈਏ ਕਿ ਬੀਜੇਪੀ ਨੇ ਪਿਛਲੇ ਸਮੇਂ ਵਿੱਚ ਸਿੱਖ ਚਿਹਰਿਆਂ ਨੂੰ ਅੱਗ ਲਿਆ ਕਿ ਪੰਜਾਬ ਵਿੱਚ ਆਪਣੀ ਪਕੜ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਿਸਾਨ ਅੰਦੋਲਨ ਕਰਕੇ ਹੁਣ ਇਹ ਸਿੱਖ ਚਿਹਰੇ ਪਾਰਟੀ ਤੋਂ ਲਗਾਤਾਰ ਅਸਤੀਫੇ ਦੇ ਰਹੇ ਹਨ। ਸੂਤਰਾਂ ਮੁਤਾਬਕ ਪਾਰਟੀ ਅੰਦਰ ਸਿੱਖ ਲੀਡਰਾਂ ਉੱਪਰ ਭਾਰੀ ਦਬਾਅ ਹੈ। ਇਸ ਲਈ ਜੇਕਰ ਜਲਦੀ ਮਸਲਾ ਹੱਲ ਨਾ ਹੋਇਆ ਤਾਂ ਵੱਡੇ ਲੀਡਰ ਵੀ ਅਸਤੀਫੇ ਦੇ ਸਕਦੇ ਹਨ।
