ਪਟਿਆਲਾ 24,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬੀ ਯੂਨੀਵਰਸਿਟੀ ‘ਚ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪ੍ਰੋਗਰਾਮ ਦੌਰਾਨ ਖੂਬ ਹੰਗਾਮਾ ਹੋਇਆ। ਜਦੋਂ ਉਹ ਸਲਾਮੀ ਲੈ ਰਹੇ ਸੀ, ਉਸੇ ਦੌਰਾਨ ਬੇਰੁਜ਼ਗਾਰ ਈਟੀਟੀ ਅਧਿਆਪਕਾਂ, ਕਾਲਜ ਦੇ ਸਹਾਇਕ ਪ੍ਰੋਫੈਸਰਾਂ ਤੇ ਪੀਐਸਪੀਸੀਐਲ ਦੇ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਬੜੀ ਮੁਸ਼ਕਲ ਨਾਲ ਮੁਜ਼ਾਹਰਾਕਾਰੀਆਂ ਨੂੰ ਸ਼ਾਂਤ ਕੀਤਾ। ਮੁਜ਼ਾਹਰਾਕਾਰੀਆਂ ਨਾਲ ਉਨ੍ਹਾਂ ਦੀ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸੀ।
ਇਸ ਤੋਂ ਪਹਿਲਾਂ ਅੱਜ ਸਵੇਰੇ ਮੁੱਖ ਮੰਤਰੀ ਚੰਨੀ ਦੇ ਪੁੱਜਣ ਤੋਂ ਪਹਿਲਾਂ ਲੱਖਾ ਸਧਾਣਾ (Lakha Sidhana) ‘ਵਰਸਿਟੀ ਦੇ ਗੁਰਤੇਜ ਸਿੰਘ ਬਹਾਦਰ ਹਾਲ ਵਿੱਚ ਪੁੱਜ ਗਿਆ। ਉਸ ਦੀ ਪਛਾਣ ਹੁੰਦਿਆਂ ਹੀ ਪੁਲਿਸ ਹਰਕਤ ‘ਚ ਆਈ ਤੇ ਉਸ ਨੂੰ ਹਿਰਾਸਤ ‘ਚ ਲੈ ਕੇ ਯੂਨੀਵਰਸਿਟੀ ਤੋਂ ਬਾਹਰ ਛੱਡ ਦਿੱਤਾ।
ਪੰਜਾਬੀ ਯੂਨੀਵਰਸਿਟੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ ਹਨ। ਉਨ੍ਹਾਂ ਵੱਲੋਂ ਯੂਨੀਵਰਸਿਟੀ ਦਾ ਪੇਂਡੂ ਕਾਰੋਬਾਰੀ ਪਹਿਲਕਦਮੀ ਤੇ ਹੁਨਰ ਵਿਕਾਸ ਕੇਂਦਰ ਤੇ ਪੰਜਾਬ ਦਾ ਵਣ ਤ੍ਰਿਣ ਜੀਵ ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਦਾ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਪੁੱਜਣ ਤੋਂ ਪਹਿਲਾਂ ਇਸ ਪ੍ਰੋਗਰਾਮ ਵਾਲੀ ਜਗ੍ਹਾ ਲੱਖਾ ਸਧਾਣਾ ਆਪਣੇ ਸਾਥੀਆਂ ਸਮੇਤ ਪੁੱਜ ਗਿਆ
ਪ੍ਰੋਗਰਾਮ ‘ਚ ਖ਼ਲਲ ਪੈਣ ਦੇ ਖ਼ਦਸ਼ੇ ਵਜੋਂ ਪੁਲਿਸ ਨੇ ਉਸ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਯੂਨੀਵਰਸਿਟੀ ਤੋਂ ਬਾਹਰ ਛੱਡ ਦਿੱਤਾ ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਫੇਸਬੁੱਕ ਪੇਜ ‘ਤੇ ਲਾਈਵ ਹੁੰਦਿਆਂ ਦੱਸਿਆ ਕਿ ਉਹ ਅੱਜ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਪੰਜਾਬ ਦੇ ਮਸਲੇ ਨੂੰ ਲੈ ਕੇ ਘਿਰਾਓ ਕਰਨ ਪੁੱਜਾ ਸੀ ਪਰ ਪੁਲਿਸ ਨੇ ਉਸਦੀ ਤੇ ਉਸ ਦੇ ਸਾਥੀਆਂ ਨੂੰ ਯੂਨੀਵਰਸਿਟੀ ਤੋਂ ਬਾਹਰ ਕੱਢ ਕੇ ਲੋਕਤੰਤਰ ਦਾ ਘਾਣ ਕੀਤਾ ਹੈ।