ਮਾਨਸਾ, 18 ਸਤੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਮਾਨਸਾ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਕੈਂਪ ਵਿੱਚ ਹਾਜਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਚਮਨਦੀਪ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਖਰਾਬ ਹੁੰਦੀ ਹੈ, ਉਥੇ ਹੀ ਜ਼ਮੀਨ ਵਿੱਚ ਮੌਜੂਦ ਸੂਖਮ ਜੀਵ ਵੀ ਅੱਗ ਨਾਲ ਮਰ ਜਾਂਦੇ ਹਨ। ਉਨ੍ਹਾਂ ਪਰਾਲੀ ਦੇ ਮਸ਼ੀਨਰੀ ਪ੍ਰਬੰਧ ਜਿਵੇਂ ਕਿ ਸੁਪਰ ਸੀਡਰ ਅਤੇ ਸਮਾਰਟ ਸੀਡਰ ਆਦਿ ਦੀ ਵਰਤੋਂ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ।
ਖੇਤੀਬਾੜੀ ਵਿਕਾਸ ਅਫਸਰ (ਲੈਬ) ਡਾ. ਹਰਮਨਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਕਟਾਈ ਕੰਬਾਇਨ ਨਾਲ ਸੁਪਰ ਐਸ.ਐਮ.ਐਸ. ਲਗਾ ਕੇ ਹੀ ਕੀਤੀ ਜਾਵੇ ਤਾਂ ਜ਼ੋ ਝੋਨੇ ਦੀ ਪਰਾਲੀ ਦਾ ਸੌਖਾ ਪ੍ਰਬੰਧਨ ਹੋ ਸਕੇ। ਇਸ ਤੋਂ ਇਲਾਵਾ ਉਨਾਂ ਝੋਨੇ ਦੀ ਫਸਲ ਵਿੱਚ ਪੱਤਾ—ਲਪੇਟ ਸੁੰਡੀ ਅਤੇ ਗੋਭ ਦੀ ਸੁੰਡੀ ਦੇ ਈ.ਟੀ.ਐਲ ਲੈਵਲ ਅਤੇ ਰੋਕਥਾਮ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਕਿਸਾਨ ਸਿਖਲਾਈ ਕੈਂਪ ਵਿੱਚ ਲਗਭਗ 50 ਕਿਸਾਨਾਂ ਨੇ ਭਾਗ ਲਿਆ। ਕੈਂਪ ਵਿੱਚ ਸ੍ਰੀ ਗੁਰਦਾਸ ਸਿੰਘ, ਖੇਤੀਬਾੜੀ ਉਪ ਨਿਰੀਖਕ, ਸ੍ਰੀ ਬਲਦੇਵ ਸਿੰਘ, ਸ੍ਰੀ ਜੱਗਾ ਸਿੰਘ, ਸ੍ਰੀ ਸੁਖਪਾਲ ਸਿੰਘ ਅਤੇ ਹੋਰ ਕਿਸਾਨ ਹਾਜਰ ਸਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ ਪਿੰਡ ਕੋਟ ਧਰਮੂੰ, ਛਾਪਿਆਂਵਾਲੀ, ਹਾਕਮਵਾਲਾ, ਕਲਿਹਰੀ, ਬੋਹਾ, ਭਾਦੜਾ, ਫੁੱਲੂਵਾਲ ਡੋਗਰਾ, ਬੁਰਜ ਰਾਠੀ, ਫਫੜੇ ਭਾਈਕੇ, ਅਸਪਾਲ ਕਲਾਂ, ਚੂਹੜੀਆਂ ਵਿਚ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।