*ਪਲੇਟੀ ਨੂੰ ਬਾਹਰ ਕੱਢਣ ਤੇ ਨਵੀਂ ਗੱਡੀ ਦੇ ਠਹਿਰਾਅ ਸਬੰਧੀ ਭਰੋਸਾ*

0
232

ਮਾਨਸਾ 15 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਵਾਇਸ ਆਫ ਮਾਨਸਾ ਦਾ ਇਕ ਵਫਦ ਇਸ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਵਿਚ ਰੇਲਵੇ ਦੀ ਪਲੇਟੀ(ਲੋਡਿੰਗ/ਅਨਲੋਡਿੰਗ) ਨੂੰ ਸਿਫਟ ਕਰਨ ਲਈ ਅਤੇ ਨਵੀਂ ਚਲਾਈ ਗੱਡੀ 13483/13484 ਦੇ ਮਾਨਸਾ ਵਿਖੇ ਠਹਿਰਾਓ ਸਬੰਧੀ ਬੀਜੇਪੀ ਦੇ ਨਵੇਂ ਬਣੇ ਲੋਕਸਭਾ ਹਲਕੇ ਦੇ ਇੰਚਾਰਜ ਪ੍ਰੇਮ ਮਿੱਤਲ ਨੂੰ ਮਿਲਿਆ। ਉਹਨਾਂ ਨੂੰ ਇਹ ਆਹੁਦਾ ਸੰਭਾਲਣ ਤੇ ਸ਼ਹਿਰ ਵਾਸੀਆਂ ਵੱਲੋ ਵਧਾਈ ਦਿੱਤੀ ਗਈ ਅਤੇ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।
ਜਤਿੰਦਰ ਕੁਮਾਰ ਆਗਰਾ, ਅਸ਼ੋਕ ਬਾਂਸਲ ਅਤੇ ਕੇ.ਕੇ. ਸਿੰਗਲਾ ਨੇ ਦੱਸਿਆ ਕਿ ਸ਼ਹਿਰ ਮਾਨਸਾ ਰੇਲਵੇ ਲਾਈਨ ਕਰਕੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਰੇਲਵੇ ਟ੍ਰੈਕ ਤੇ ਥਰਮਲ ਨੂੰ ਕੋਲੇ ਦੇ ਰੈਕ ਜਾਣ ਕਾਰਨ ਫਾਟਕ ਕਾਫੀ ਸਮੇ ਬੰਦ ਰਹਿੰਦਾ ਹੈ। ਥੋੜਾ ਚਿਰ ਫਾਟਕ ਖੁਲਣ ਤੇ ਟਰੱਕਾਂ ਦੀ ਆਵਜਾਈ ਕਾਰਨ ਫਾਟਕ ‘ਤੇ ਜਾਮ ਲੱਗ ਜਾਂਦਾ ਹੈ। ਕਈ ਵਾਰੀ ਤਾਂ ਐਂਬੂਲੈਂਸ ਵੀ ਵਿਚਕਾਰ ਹੀ ਫਸ ਜਾਂਦੀ ਹੈ। ਸੰਸਕਾਰ ਲਈ ਸ਼ਹਿਰ ਵਾਲੇ ਪਾਸਿਉ ਸਮਸ਼ਾਨ ਘਾਟ ਨੂੰ ਜਾਣ ਲਈ ਵੀ ਮੁਸ਼ਕਿਲ ਹੋ ਜਾਂਦਾ ਹੈ। ਸਾਰਾ ਦਿਨ ਜਾਮ ਹੋਣ ਕਾਰਨ ਲੋਡਿੰਗ-ਅਨਲੋਡਿੰਗ ਸਮੇਂ ਟਰੱਕ ਹਾਦਸੇ ਦਾ ਕਾਰਨ ਬਣਦੇ ਹਨ। ਕਈ ਵਾਰੀ ਅਜਿਹੇ ਹਾਦਸੇ ਹੋ ਵੀ ਚੁੱਕੇ ਹਨ। ਪਲੇਟੀ ਨੂੰ ਬਾਹਰ ਲੈ ਜਾਣ ਸੰਬੰਧੀ ਕਈ ਵਾਰੀ ਸਰਵੇ ਵੀ ਹੋਇਆ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀ ਹੋਈ। ਰੇਲਵੇ ਅਤੇ ਕੇਂਦਰ ਸਰਕਾਰ ਵੱਲੋਂ ਮਾਨਸਾ ਦੇ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਦਾ ਸਟੇਸ਼ਨ ਬਣਾਇਆ ਜਾ ਰਿਹਾ ਹੈ ਅਤੇ ਕੰਮ ਵੀ ਬੜੀ ਤੇਜੀ ਨਾਲ ਚੱਲ ਰਿਹਾ ਹੈ। ਅਜਿਹੇ ਹੀ ਹਾਲਤ ਵਿੱਚ ਇਸ ਨੂੰ ਸਿਫਟ ਕਰਨਾ ਬਹੁਤ ਹੀ ਸਲਾਘਾ ਯੋਗ ਕਦਮ ਹੋਵੇਗਾ।
ਪ੍ਰੇਮ ਅਗਰਵਾਲ, ਰਾਮ ਕ੍ਰਿਸ਼ਨ ਚੁੱਘ ਅਤੇ ਹਰਿੰਦਰ ਮਾਨਸ਼ਾਹੀਆ ਨੇ ਕਿਹਾ ਕਿ ਰੇਲਵੇ ਵੱਲੋਂ ਚਲਾਈ ਗੱਡੀ 13483/13484 ਦਾ ਠਹਿਰਾਅ ਮਾਨਸਾ ਸਟੇਸ਼ਨ ਤੇ ਨਾ ਹੋਣ ਕਾਰਨ ਜਿਲ੍ਹੇ ਵਾਸੀਆ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਗੱਡੀ ਦੇ ਮਾਨਸਾ ਠਹਿਰਾਅ ਹੋਣ ਨਾਲ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਅਯੁਧਿਆ ਜਾਣ ਦਾ ਵੀ ਮੌਕਾ ਮਿਲੇਗਾ। ਇਸ ਤੋਂ ਇਲਾਵਾ ਵਪਾਰੀਆਂ ਅਤੇ ਆਸ ਪਾਸ ਦੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ।
ਪ੍ਰੇਮ ਮਿੱਤਲ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਮਿਲਕੇ ਰੇਲਵੇ ਮੰਤਰੀ ਤੋਂ ਮਿਲਣ ਦਾ ਸਮਾਂ ਲੈਣ ਉਪਰੰਤ ਉਕਤ ਸਮੱਸਿਆਵਾ ਦਾ ਹੱਲ ਛੇਤੀ ਹੀ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਇਨ੍ਹਾਂ ਸਮੱਸਿਆਵਾਂ ਬਾਰੇ ਪਹਿਲਾ ਹੀ ਜਾਣੂ ਹਾਂ ਅਤੇ ਲਗਾਤਾਰ ਯਤਨਸ਼ੀਲ ਵੀ ਹਾਂ।
ਇਸ ਮੌਕੇ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ ਗਰਗ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਤੀਸ਼ ਕੁਮਾਰ, ਜਗਤ ਰਾਮ ਅਤੇ ਵਾਇਸ ਆਫ ਮਾਨਸਾ ਦੇ ਮੈਂਬਰ ਬਿੱਕਰ ਮਘਾਣੀਆਂ, ਹਰਦੀਪ ਸਿੱਧੂ, ਨਰੇਸ਼ ਬਿਰਲਾ, ਰਮੇਸ਼ ਜਿੰਦਲ, ਤਰਸੇਮ ਸੇਮੀ, ਦਰਸ਼ਨ ਪਾਲ, ਸੁਰਿੰਦਰ ਪੱਪੀ ਦਾਨੇਵਾਲੀਆਂ, ਮੇਜਰ ਸਿੰਘ ਅਤੇ ਯਸ਼ਪਾਲ, ਗੁਰਜੰਟ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here