*ਪਰਗਟ ਸਿੰਘ ਨੇ ਉਠਾਏ ਕੇਜਰੀਵਾਲ ਦੀ ਰਿਹਾਇਸ਼ ਤੇ ਵੱਡੇ ਸਵਾਲ! ਕਿਹਾ ਨਵੀਨੀਕਰਨ ’ਤੇ 14 ਕਰੋੜ ਖਰਚਾ*

0
20

ਚੰਡੀਗੜ੍ਹ 29,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਤੇ ਦਿੱਲੀ ਸਰਕਾਰ ਆਹਮੋ-ਸਾਹਮਣੇ ਹੋ ਗਈਆਂ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਤੇ ਪੰਜਾਬ ਦੇ 250 ਸਕੂਲਾਂ ਦੀ ਤੁਲਨਾ ਕਰਨ ਮਗਰੋਂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕੇਜਰੀਵਾਲ ਨੂੰ ਕਿਹਾ ਕਿ ਉਹ ਦਿੱਲੀ ਵਾਸੀਆਂ ਨੂੰ ਇਹ ਦੱਸਣਗੇ ਕੇਜਰੀਵਾਲ ਆਪਣੀ ਸਰਕਾਰੀ ਰਿਹਾਇਸ਼ ਦੇ ਨਵੀਨੀਕਰਨ ’ਤੇ ਕਿੰਨੇ ਕਰੋੜ ਰੁਪਏ ਖਰਚ ਕਰ ਰਹੇ ਹਨ।

ਪਰਗਟ ਸਿੰਘ ਨੇ ਦੋਸ਼ ਲਾਇਆ ਕੇਜਰੀਵਾਲ ਆਮ ਆਦਮੀ ਬਣਨ ਦਾ ਢੌਂਗ ਕਰ ਰਹੇ ਹਨ ਜਦਕਿ ਉਨ੍ਹਾਂ ਦੀਆਂ ਸਾਰੀਆਂ ਹਰਕਤਾਂ ਖ਼ਾਸ ਆਦਮੀ ਵਾਲੀਆਂ ਹਨ। ਪਰਗਟ ਸਿੰਘ ਨੇ ਦਾਅਵਾ ਕੀਤਾ ਕਿ ਜਿਹੜੀ ਉਨ੍ਹਾਂ ਕੋਲ ਸ਼ੁਰੂਆਤੀ ਜਾਣਕਾਰੀ ਪਹੁੰਚੀ ਹੈ ਉਸ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਆਪਣੀ ਰਿਹਾਇਸ਼ ਦੇ ਨਵੀਂਨੀਕਰਨ ’ਤੇ 14 ਕਰੋੜ ਰੁਪਏ ਖਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਏਨੀ ਮੋਟੀ ਰਕਮ ਖ਼ਰਚਣੀ ਤੇ ਦਿਖਾਵਾ ਆਮ ਆਦਮੀ ਦਾ ਕਰਨਾ ਇਹ ਕੇਜਰੀਵਾਲ ਨੂੰ ਸੋਭਾ ਨਹੀਂ ਦਿੰਦਾ। ਉਹ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਹ ਆਪਣੀ ਸਰਕਾਰੀ ਰਿਹਾਇਸ਼ ’ਤੇ ਕਿੰਨਾ ਪੈਸਾ ਖਰਚ ਕਰ ਰਹੇ ਹਨ।

ਪੰਜਾਬ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੇਜਰੀਵਾਲ ਕਹਿੰਦੇ ਨਹੀਂ ਸੀ ਥੱਕਦੇ ਕਿ ਕਦੇ ਵੀ ਉਹ ਵੱਡਾ ਘਰ ਨਹੀਂ ਲੈਣਗੇ। ਫਿਰ ਉਨ੍ਹਾਂ ਨੇ ਵੱਡਾ ਘਰ ਲੈ ਵੀ ਲਿਆ। ਸੁਰੱਖਿਆ ਛੱਤਰੀ ਰੱਖਣ ਵਿਰੁੱਧ ਉਹ ਸ਼ੁਰੂ ਤੋਂ ਪ੍ਰਚਾਰ ਕਰਦੇ ਰਹੇ ਸਨ, ਪਰ ਹੁਣ ਉਹ ਭਾਰੀ ਸੁਰੱਖਿਆ ਤੋਂ ਬਿਨਾਂ ਪੈਰ ਵੀ ਨਹੀਂ ਪੁੱਟਦੇ। ਹੁਣ ਉਹ ਲੋਕਾਂ ਵੱਲੋਂ ਦਿੱਤੇ ਟੈਕਸ ਦੇ ਪੈਸਿਆਂ ਵਿੱਚੋਂ ਮੋਟੀ ਰਕਮ ਆਪਣੇ ਘਰ ਦੀ ਮੁਰੰਮਤ ਦੇ ਬਹਾਨੇ ਕੰਧਾਂ ’ਤੇ ਮੱਥ ਰਹੇ ਹਨ।

ਦੱਸ ਦਈਏ ਕਿ ਮਨੀਸ਼ ਸਿਸੋਦੀਆ ਨੇ ਦਿੱਲੀ ਦੇ 250 ਸਕੂਲਾਂ ਦੀ ਸੂਚੀ ਟਵੀਟ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਰਗਟ ਸਿੰਘ ਵੀ ਐਤਵਾਰ ਰਾਤ ਤੱਕ 250 ਸਕੂਲਾਂ ਦੀ ਸੂਚੀ ਵੀ ਜਾਰੀ ਕਰ ਦੇਣਗੇ। ਪਰਗਟ ਨੇ ਕਿਹਾ ਕਿ ਉਹ ਸੂਚੀ ਵੀ ਅਪਲੋਡ ਕਰਨਗੇ। ਪਹਿਲਾਂ ਸਿਸੋਦੀਆ ਨੇ ਪਰਗਟ ਨੂੰ ਚੁਣੌਤੀ ਦਿੱਤੀ ਸੀ ਕਿ ਦਿੱਲੀ ਤੇ ਪੰਜਾਬ ਦੇ 10 ਸਕੂਲਾਂ ਦੀ ਤੁਲਨਾ ਕੀਤੀ ਜਾਵੇ ਤੇ ਬਾਅਦ ਵਿੱਚ ਪਰਗਟ ਸਿੰਘ ਨੇ ਚੁਣੌਤੀ ਨੂੰ ਵਧਾ ਕੇ 250 ਸਕੂਲਾਂ ਤੱਕ ਕਰ ਦਿੱਤਾ ਸੀ।

LEAVE A REPLY

Please enter your comment!
Please enter your name here