
ਚੰਡੀਗੜ੍ਹ/ਪਟਿਆਲਾ 26 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ’ਚ ਇਸ ਵੇਲੇ ਕੋਰੋਨਾ ਵਾਇਰਸ ਦਾ ਕਹਿਰ ਹੁਣ ਵਧਦਾ ਹੀ ਜਾ ਰਿਹਾ ਹੈ। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨੇ 31 ਮਰੀਜ਼ਾਂ ਦੀ ਜਾਨ ਲੈ ਲਈ ਹੈ। ਹੁਣ ਮੌਰਚਿਊਰੀ (ਮੁਰਦਾਘਰ) ਵਿੱਚ ਲਾਸ਼ਾਂ ਰੱਖਣ ਲਈ ਕੋਈ ਜਗ੍ਹਾ ਤੱਕ ਨਹੀਂ ਬਚੀ ਹੈ। ਦੱਸ ਦੇਈਏ ਕਿ ਇੱਥੇ ਇੱਕ ਵਾਰੀ ਵਿੱਚ ਸਿਰਫ਼ 16 ਲਾਸ਼ਾਂ ਹੀ ਰੱਖੀਆਂ ਜਾ ਸਕਦੀਆਂ ਹਨ।
ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ’ਚੋਂ ਤਿੰਨ ਵਿਅਕਤੀਆਂ ਦੀ ਮੌਤ ਏਕਾਂਤਵਾਸ ਵਾਲੇ ਵਾਰਡ ’ਚ ਹੋਈ ਹੈ ਤੇ ਉਨ੍ਹਾਂ ਕੋਵਿਡ ਟੈਸਟ ਦੇ ਨਤੀਜਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਰਾਜਿੰਦਰਾ ਹਸਪਤਾਲ ’ਚ ਇੱਕੋ ਦਿਨ ਕੋਵਿਡ ਕਾਰਨ ਕਦੇ ਵੀ ਇੰਨੀਆਂ ਜ਼ਿਆਦਾ ਮੌਤਾਂ ਨਹੀਂ ਹੋਈਆਂ। ਮੀਡੀਆ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 13 ਮੌਤਾਂ ਹਸਪਤਾਲ ਦੇ 8 ਮੰਜ਼ਲਾ ਕੋਵਿਡ ਵਾਰਡ ਦੀ 5ਵੀਂ ਮੰਜ਼ਲ ਉੱਤੇ ਸਥਿਤ ਆਈਸੀਯੂ ਵਾਰਡ ਵਿੱਚ ਹੋਈਆਂ ਹਨ।

ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਇਸ ਹਸਪਤਾਲ ਵਿੱਚ ਕੋਰੋਨਾ ਕਰਕੇ 1,300 ਮੌਤਾਂ ਹੋ ਚੁੱਕੀਆਂ ਹਨ। ਇਸ ਵੇਲੇ ਇਸ ਹਸਪਤਾਲ ਵਿੱਚ 259 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਰਾਜਿੰਦਰਾ ਹਸਪਤਾਲ ਦੇ ਕੋਵਿਡ ਆਈਸੋਲੇਸ਼ਨ ਵਾਰਡ ਦੇ ਇੰਚਾਰਜ ਸੁਰਭੀ ਮਲਿਕ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਕੋਰੋਨਾ ਦੇ 50 ਨਵੇਂ ਮਰੀਜ਼ਾਂ ਨੂੰ ਦਾਖ਼ਲ ਕੀਤਾ ਗਿਆ ਹੈ। ਬਹੁਤੀਆਂ ਮੌਤਾਂ ਮਰੀਜ਼ਾਂ ਦੇ ਦਾਖ਼ਲ ਹੋਣ ਦੇ 48 ਘੰਟਿਆਂ ਅੰਦਰ ਹੀ ਹੋਈਆਂ ਹਨ।
ਡਾ. ਸੁਰਭੀ ਮਲਿਕ ਨੇ ਦੱਸਿਆ ਕਿ ਹਸਪਤਾਲ ’ਚ ਦਾਖ਼ਲ ਹੋਣ ਲਈ ਆਉਣ ਵਾਲੇ ਮਰੀਜ਼ਾਂ ਦੀ ਹਾਲਤ ਕਾਫ਼ੀ ਨਾਜ਼ੁਕ ਹੁੰਦੀ ਹੈ। ਹੁਣ ਨਾਜ਼ੁਕ ਤੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਦੱਸ ਦੇਈਏ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਮਰੀਜ਼ਾਂ ਲਈ ਹਰ ਤਰ੍ਹਾਂ ਦੇ ਲੋੜੀਂਦੇ ਆਧੁਨਿਕ ਮੈਡੀਕਲ ਉਪਕਰਣ ਤੇ ਸੁਵਿਧਾਵਾਂ ਮੌਜੂਦ ਹਨ।
ਡਾ. ਸੁਰਭੀ ਨੇ ਇਹ ਵੀ ਦੱਸਿਆ ਕਿ ਇੱਥੇ ਦਾਖ਼ਲ ਹੋਣ ਲਈ ਆਉਣ ਵਾਲੇ ਮਰੀਜ਼ਾਂ ’ਚੋਂ ਕਿਸੇ ਦਾ ਵੀ ਟੀਕਾਕਰਣ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵੈਕਸੀਨ ਦੀਆਂ ਦੋ ਡੋਜ਼ ਲੈਣ ਨਾਲ ਕੋਰੋਨਾ ਵਾਇਰਸ ਦਾ ਡਰ ਖ਼ਤਮ ਹੋ ਜਾਂਦਾ ਹੈ ਤੇ ਫਿਰ ਉਹ ਘੱਟ ਤੋਂ ਘੱਟ ਨੁਕਸਾਨ ਕਰ ਪਾਉਂਦਾ ਹੈ
