*ਕੈਪਟਨ ਦੇ ਜਰਨੈਲਾਂ ਨੂੰ ਕੁਝ ਨਹੀਂ ਕਹਿੰਦਾ ਕੋਰੋਨਾ? ਆਮ ਲੋਕਾਂ ‘ਤੇ ਸ਼ਿਕੰਜਾ, ਲੀਡਰਾਂ ਦੇ ਸ਼ਰੇਆਮ ‘ਭੰਗੜੇ’*

0
46

ਚੰਡੀਗੜ੍ਹ 26,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਦੇਸ਼ ਦੇ ਹਾਲਾਤ ਵਿਗੜੇ ਹੋਏ ਹਨ। ਆਕਸੀਜਨ ਤੇ ਵੈਕਸੀਨ ਦੀ ਘਾਟ ਕਰਕੇ ਲੋਕ ਮਰ ਰਹੇ ਹਨ। ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਗਾਈਡਲਾਈਨਜ਼ ਲਾਗੂ ਕੀਤੀਆਂ ਹਨ। ਪੁਲਿਸ ਨੇ ਵੀ ਲੋਕਾਂ ਉੱਪਰ ਸ਼ਿਕੰਜਾ ਕੱਸਿਆ ਹੋਇਆ ਹੈ ਪਰ ਕੈਪਟਨ ਦੇ ਜਰਨੈਲਾਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ। ਇਸ ਦੀ ਤਾਜ਼ਾ ਮਿਸਾਲ ਫ਼ਗਵਾੜਾ ਵਿੱਚ ਮਿਲੀ ਜਿੱਥੇ IAS ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਾਂਗਰਸੀ ਵਿਧਾਇਕ ਬਣੇ ਬਲਵਿੰਦਰ ਸਿੰਘ ਧਾਲੀਵਾਲ ਵੀ ਕੋਰੋਨਾ ਪ੍ਰੋਟੋਕੋਲ ਨੂੰ ਛਿੱਕੇ ਟੰਗਦੇ ਵਿਖਾਈ ਦਿੱਤੇ।

ਇੱਥੇ ਇੱਕ ਵਿਆਹ ਸਮਾਰੋਹ ’ਚ ਧਾਲੀਵਾਲ ਹੁਰਾਂ ਨੇ ਨਾ ਤਾਂ ਮਾਸਕ ਲਾਇਆ ਹੋਇਆ ਸੀ ਤੇ ਨਾ ਹੀ ਸਟੇਜ ਉੱਤੇ ਭੰਗੜਾ ਪਾਉਦੇ ਸਮੇਂ ਹੋਰਨਾਂ ਲੋਕਾਂ ਦੇ ਕੋਈ ਮਾਸਕ ਸੀ। ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਵਿਧਾਇਕ ਜਿਹੇ ਜ਼ਿੰਮੇਵਾਰ ਲੋਕ ਇੰਝ ਕਰਨਗੇ, ਤਾਂ ਫਿਰ ਆਮ ਆਦਮੀ ਤੋਂ ਤਾਂ ਕੀ ਆਸ ਰੱਖੀ ਜਾ ਸਕਦੀ ਹੈ।

ਦਰਅਸਲ, ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਡੀਓ ’ਚ ਫ਼ਗਵਾੜਾ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਇੱਕ ਸਟੇਜ ’ਤੇ ਕੁਝ ਲੋਕਾਂ ਨਾਲ ਨੱਚਦਿਆਂ ਵੇਖਿਆ ਜਾ ਸਕਦਾ ਹੈ। ਪੜਤਾਲ ਕਰਨ ’ਤੇ ਪਾਇਆ ਗਿਆ ਕਿ ਇਹ ਵਿਡੀਓ ਫ਼ਗਵਾੜਾ ਦੇ ਸਾਬਕਾ ਕੌਂਸਲਰ ਦਵਿੰਦਰ ਸਪਰਾ ਦੀ ਧੀ ਦੇ ਸਮਾਰੋਹ ਦਾ ਹੈ। ਸਟੇਜ ਉੱਤੇ MLA ਨਾਲ 20 ਤੋਂ ਵੀ ਜ਼ਿਆਦਾ ਮਾਸਕ-ਵਿਹੂਣੇ ਲੋਕ ਸਨ।

1961 ’ਚ ਜਨਮੇ ਬਲਵਿੰਦਰ ਸਿੰਘ ਧਾਲੀਵਾਲ ਮੂਲ ਰੂਪ ’ਚ ਲੁਧਿਆਣਾ ਦੇ ਰਹਿਣ ਵਾਲੇ ਹਨ। ਉਹ ਇੱਥੇ ਡਾਇਰੈਕਟਰ ਪੰਜਾਬ ਲੈਂਡ ਰਿਕਾਰਡਜ਼, ਸੈਟਲਮੈਂਟ, ਕੰਸੋਲੀਡੇਸ਼ਨ ਐਂਡ ਲੈਂਡ ਐਕੁਈਜ਼ੀਸ਼ਨ ਵਜੋਂ ਤਾਇਨਾਤ ਸਨ। ਇਸ ਤੋਂ ਪਹਿਲਾਂ ਉਹ ਤਰਨਮਾਰਨ, ਫ਼ਿਰੋਜ਼ਪੁਰ ਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ।

ਬਲਵਿੰਦਰ ਸਿੰਘ ਧਾਲੀਵਾਲ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਵੀ ਰਹੇ ਹਨ। ਧਾਲੀਵਾਲ ਪਿਛਲੇ ਕਾਫ਼ੀ ਸਮੇਂ ਤੋਂ ਫ਼ਗਵਾੜਾ ਦੀ ਸਿਆਸਤ ਵਿੱਚ ਚੁੱਪ-ਚੁਪੀਤੇ ਸਰਗਰਮ ਵਿਖਾਈ ਦਿੰਦੇ ਰਹੇ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਫ਼ਗਵਾੜਾ ਸੀਟ ਤੋਂ ਭਾਜਪਾ ਦੇ ਸੋਮ ਪ੍ਰਕਾਸ਼ ਨੇ ਜਿੱਤ ਦਰਜ ਕੀਤੀ ਸੀ। ਫਿਰ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਸੋਮ ਪ੍ਰਕਾਸ਼ ਦੇ ਹੁਸ਼ਿਆਰਪੁਰ ਦੇ MP ਚੁਣੇ ਜਾਣ ਤੋਂ ਬਾਅਦ ਫ਼ਗਵਾੜਾ ਦੀ ਸੀਟ ਖ਼ਾਲੀ ਹੋ ਗਈ ਸੀ। ਤਦ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇਣ ਵਾਲੇ ਧਾਲੀਵਾਲ ਕਾਂਗਰਸੀ ਉਮੀਦਵਾਰ ਵਜੋਂ ਇਸ ਸੀਟ ਤੋਂ ਜੇਤੂ ਰਹੇ ਸਨ।

LEAVE A REPLY

Please enter your comment!
Please enter your name here