*ਪਟਿਆਲਾ ਝੜਪ ਨੂੰ ਮਾਹੌਲ ਤਣਾਅਪੂਰਨ, ਡੀਸੀ ਨੇ ਕਰਫਿਊ ਦੇ ਦਿੱਤੇ ਨਿਰਦੇਸ਼, ਜ਼ਿਲ੍ਹੇ ‘ਚ ਲੱਗੀ ਧਾਰਾ 144*

0
235

29,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼)  : ਪਟਿਆਲਾ ਵਿੱਚ ਅੱਜ ਹਿੰਦੂ ਸੰਗਠਨਾਂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਝੜਪ ਨਾਲ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਪਰ ਸੀਐੱਮ ਭਗਵੰਤ ਮਾਨ ਵੱਲੋਂ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਉੱਚ ਪੱਧਰੀ ਮੀਟਿੰਗ ਬੁਲਾਈ ਹੈ। ਜਿਸ ਵਿੱਚ ਡੀਜੀਪੀ ਵੀਕੇ ਭਾਵਰਾ ਸਮੇਤ ਕਾਨੂੰਨ ਵਿਵਸਥਾ ਨਾਲ ਸਬੰਧਤ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ। ਦਸ ਦਈਏ ਕਿ ਇਸ ਮੀਟਿੰਗ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਨੇ ਪਟਿਆਲਾ ਵਿੱਚ ਕਰਫਿਊ ਲਗਾ ਦਿੱਤਾ ਹੈ ਜੋ ਕਿ ਸ਼ਾਮ 7 ਵਜੇ ਤੋਂ ਭਲਕੇ ਸਵੇਰੇ 6 ਵਜੇ ਤੱਕ ਲਾਗੂ ਰਹੇਗਾ ਇਸ ਦੇ ਨਾਲ ਹੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਦੱਸ ਦਈਏ ਕਿ ਅੱਜ ਪਟਿਆਲਾ ਵਿੱਚ ਹਿੰਦੂ ਸੰਗਠਨਾਂ ਵੱਲੋਂ ਖਾਲਿਸਤਾਨ ਪੱਖੀਆਂ ਦੇ ਵਿਰੋਧ ਦਾ ਐਲਾਨ ਕੀਤਾ ਸੀ ਜਿਸ ਮਗਰੋਂ ਸਿੱਖ ਜਥੇਬੰਦੀਆਂ ਦੇ ਮੈਂਬਰ ਵੀ ਇਕੱਠੇ ਹੋ ਗਏ। ਇਸ ਨੂੰ ਲੈ ਕੇ ਹਾਲਾਤ ਤਣਾਅਪੂਰਨ ਹੋ ਗਏ। ਪੁਲਿਸ ਵੱਲੋਂ ਟਕਰਾਅ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਦੇ ਮੈਂਬਰ ਨੂੰ ਰੋਕਿਆ ਗਿਆ। ਇਸ ਦੌਰਾਨ ਖਿੱਚ-ਧੂਹ ਵੀ ਹੋਈ। ਮਾਹੌਲ ਇੰਨਾ ਖਰਾਬ ਹੋ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਵੀ ਹੋਈ। ਇਸ ਦੌਰਾਨ ਐਸਐਚਓ ਦੇ ਹੱਥ ’ਤੇ ਸੱਟ ਲੱਗ ਗਈ। ਇਸ ਤੋਂ ਬਾਅਦ ਐਸਐਸਪੀ ਨੇ ਸਥਿਤੀ ਨੂੰ ਸੰਭਾਲਣ ਲਈ ਹਵਾ ਵਿੱਚ ਫਾਇਰਿੰਗ ਕੀਤੀ।

ਜਿੱਥੇ ਖ਼ਾਲਿਸਤਾਨ ਖ਼ਿਲਾਫ਼ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਖਾਲਸਾ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਬਲਜਿੰਦਰ ਸਿੰਘ ਪਰਵਾਨਾ ਸਮੇਤ ਕੁਝ ਹੋਰ ਜਥੇਬੰਦੀਆਂ ਨੇ ਐਲਾਨ ਕੀਤਾ ਸੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਆਗੂ ਅਤੇ ਨਿਹੰਗ ਸਿੰਘ ਵੀ ਪੁੱਜੇ ਹੋਏ ਹਨ।

ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਇਕੱਠੀਆਂ ਹੋਈਆਂ। ਹਿੰਦੂ ਜਥੇਬੰਦੀਆਂ ਪਹਿਲਾਂ ਕਾਲੀ ਮਾਤਾ ਮੰਦਰ ਵਿਖੇ ਇਕੱਠੀਆਂ ਹੋਈਆਂ ਤੇ ਫਿਰ ਉਨ੍ਹਾਂ ਨੇ ਸ਼ਹਿਰ ਵਿੱਚ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਦਾ ਦਾਅਵਾ ਹੈ ਕਿ ਹਾਲਾਤ ਕਾਬੂ ਵਿੱਚ ਹਨ। 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ। ਮੈਂ ਡੀਜੀਪੀ ਨਾਲ ਗੱਲ ਕੀਤੀ, ਇਲਾਕੇ ਵਿੱਚ ਸ਼ਾਂਤੀ ਬਹਾਲ ਹੋ ਗਈ ਹੈ। ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂਅਤੇ ਕਿਸੇ ਨੂੰ ਵੀ ਰਾਜ ਵਿੱਚ ਗੜਬੜ ਪੈਦਾ ਨਹੀਂ ਕਰਨ ਦੇਵਾਂਗੇ। ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਸਭ ਤੋਂ ਮਹੱਤਵਪੂਰਨ ਹੈ।

LEAVE A REPLY

Please enter your comment!
Please enter your name here