ਪਿਆਜ਼ ਦੇ ਨਿਰਯਾਤ ‘ਤੇ ਪਾਬੰਦੀ ਦੇ ਬਾਵਜੂਦ ਘਰੇਲੂ ਬਜ਼ਾਰ ‘ਚ ਇਸ ਦੀ ਕੀਮਤ ‘ਚ ਕੋਈ ਕਮੀ ਨਹੀਂ ਆਈ। ਪਿਆਜ਼ ਹੁਣ ਪ੍ਰਚੂਨ ਬਾਜ਼ਾਰ ‘ਚ 50 ਰੁਪਏ ਪ੍ਰਤੀ ਕਿੱਲੋ ਵੱਲ ਵਧ ਰਿਹਾ ਹੈ। ਕਰਨਾਟਕ, ਮਹਾਰਾਸ਼ਟਰ ਤੇ ਤੇਲੰਗਾਨਾ ‘ਚ ਭਾਰੀ ਬਾਰਸ਼ ਕਾਰਨ ਪਿਆਜ਼ ਦੀ ਫਸਲ ਨੂੰ ਨੁਕਸਾਨ ਪਹੁੰਚਿਆ। ਇਸ ਕਾਰਨ ਇਸ ਦੀ ਸਪਲਾਈ ਪ੍ਰਭਾਵਤ ਹੋਈ ਤੇ ਦੇਸ਼ ਦੀਆਂ ਵੱਡੀਆਂ ਮੰਡੀਆਂ ਵਿੱਚ ਇਹ ਘਟ ਗਈ।
ਦੱਖਣੀ ਭਾਰਤ ਦੇ ਰਾਜਾਂ ਵਿੱਚ ਭਾਰੀ ਬਾਰਸ਼ ਕਾਰਨ ਫਸਲਾਂ ਬਰਬਾਦ:
ਸ਼ੁਰੂਆਤ ਵਿੱਚ ਮੀਂਹ ਦੀ ਘਾਟ ਤੇ ਫਿਰ ਭਾਰੀ ਬਾਰਸ਼ ਕਾਰਨ ਨਮੀ ਜ਼ਿਆਦਾ ਹੋ ਗਈ ਤੇ ਇਸ ਨੇ ਪਿਆਜ਼ ਦੀ ਫਸਲ ਨੂੰ ਵਿਗਾੜ ਦਿੱਤਾ। ਇਸ ਦੌਰਾਨ ਪਿਆਜ਼ ਦੀਆਂ ਘਰੇਲੂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੇਂਦਰ ਨੇ ਨਿਰਯਾਤ ‘ਤੇ ਪਾਬੰਦੀ ਲਗਾਈ ਸੀ, ਫਿਰ ਵੀ ਇਸ ਦੀਆਂ ਕੀਮਤਾਂ ਘੱਟ ਨਹੀਂ ਰਹੀਆਂ।
ਇਸ ਸਮੇਂ ਕਰਨਾਟਕ ਦੇ ਥੋਕ ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ 40 ਰੁਪਏ ਪ੍ਰਤੀ ਕਿੱਲੋ ਵਿਕ ਰਹੀਆਂ ਹਨ, ਜਦਕਿ ਕੁਝ ਦਿਨ ਪਹਿਲਾਂ ਇਸ ਦੀ ਕੀਮਤ 20 ਤੋਂ 22 ਕਿੱਲੋ ਸੀ। ਮਹਾਰਾਸ਼ਟਰ ਤੋਂ ਆਉਣ ਵਾਲੇ ਪਿਆਜ਼ ਦੀ ਕੀਮਤ ਜੋ ਪਹਿਲਾਂ 30 ਰੁਪਏ ਪ੍ਰਤੀ ਕਿੱਲੋ ਸੀ, ਹੁਣ 40 ਰੁਪਏ ਹੋ ਗਈ ਹੈ।
ਪਿਆਜ਼ ਦੀ ਕੀਮਤ ਦਿੱਲੀ-ਐਨਸੀਆਰ ਦੇ ਪ੍ਰਚੂਨ ਬਾਜ਼ਾਰ ‘ਚ 50 ਤੋਂ 70 ਰੁਪਏ ਪ੍ਰਤੀ ਕਿੱਲੋ ਦੇ ਦਰਮਿਆਨ ਵਿਕ ਰਹੀ ਹੈ। ਥੋਕ ਬਾਜ਼ਾਰ ‘ਚ ਪਿਆਜ਼ ਦੀਆਂ ਕੀਮਤਾਂ 35-45 ਰੁਪਏ ਪ੍ਰਤੀ ਕਿੱਲੋ ਹਨ। ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਦਾ ਥੋਕ ਮੁੱਲ 50 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ, ਜੋ ਕਿ 2015 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਮਹਾਰਾਸ਼ਟਰ ਦੇ ਲਾਸਲਗਾਉਂ, ਏਸ਼ੀਆ ਵਿੱਚ ਪਿਆਜ਼ ਦੀ ਸਭ ਤੋਂ ਵੱਡੀ ਮਾਰਕੀਟ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਹੋਇਆ ਹੈ।