ਮਾਨਸਾ, 01 ਦਸੰਬਰ:(ਸਾਰਾ ਯਹਾਂ/ਬੀਰਬਲ ਧਾਲੀਵਾਲ):
ਨਸ਼ਾ ਮਨੁੱਖ ਦਾ ਸਰੀਰਿਕ ਅਤੇ ਆਰਥਿਕ ਨੁਕਸਾਨ ਕਰਦਾ ਹੈ। ਨਸ਼ਾ ਕਰਨ ਵਾਲਾ ਵਿਅਕਤੀ ਦੋਸ਼ੀ ਨਹੀਂ ਬਲਕਿ ਬਿਮਾਰ ਹੁੰਦਾ ਹੈ ਜਿਸ ਦਾ ਇਲਾਜ਼ ਕਰਵਾ ਕੇ ਉਸ ਨੂੰ ਨਸ਼ੇ ਤੋਂ ਰਹਿਤ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ ਆਯੋਜਿਤ ਜਾਗ੍ਰਿਤੀ ਯਾਤਰਾ ’ਚ ਸ਼ਮੂਲੀਅਤ ਕਰਨ ਪਹੁੰਚੇ ਨੌਜਵਾਨ, ਸਕੂਲੀ ਬੱਚਿਆਂ ਸਮੇਤ ਹੋਰ ਸਖ਼ਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨਸ਼ੇ ਤੋਂ ਪੀੜਤ ਵਿਅਕਤੀ ਦਾ ਸਰਕਾਰ ਵੱਲੋਂ ਖੋਲ੍ਹੇ ਓਟ ਸੈਂਟਰਾਂ ਵਿਚ ਇਲਾਜ਼ ਕਰਵਾਇਆ ਜਾ ਸਕਦਾ ਹੈ ਜਿੱਥੇ ਲੋੜੀਂਦੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸਾਨੂੰ ਸਭ ਨੂੰ ਇਕੱਠੇ ਹੋ ਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਦਿਆਂ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਪ੍ਰੇਰਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਮਾਜ ਵਿਚ ਨਸ਼ਿਆਂ ਖਿਲਾਫ ਜਾਗ੍ਰਿਤੀ ਪੈਦਾ ਕਰਕੇ ਹੀ ਨਸ਼ੇ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੌਜਵਾਨਾਂ ਨੂੰ ਜਿੱਥੇ ਖੇਡਾਂ ਨਾਲ ਜੋੜ ਕੇ ਖਿਡਾਰੀਆਂ ਦਾ ਇਨਾਮੀ ਰਾਸ਼ੀ ਨਾਲ ਸਨਮਾਨ ਕਰ ਰਹੀ ਹੈ ਉੱਥੇ ਹੀ ਖਿਡਾਰੀਆਂ ਸਮੇਤ ਸੂਬੇ ਦੇ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਸਮਰੱਥ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਹਾਜ਼ਰੀਨ ਨੂੰ ਨਸ਼ਾ ਮੁਕਤ ਸਮਾਜ ਸਿਰਜਣ ਅਤੇ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦਾ ਪ੍ਰਣ ਦਿਵਾਇਆ।
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਕਿਹਾ ਕਿ ਸਮਾਜ ਨਾਲੋਂ ਟੁੱਟਿਆ ਵਿਅਕਤੀ ਹੀ ਨਸ਼ੇ ਵੱਲ ਜਾਂਦਾ ਹੈ। ਜਿਸ ਨੂੰ ਸਮਾਜ ਅਤੇ ਪਰਿਵਾਰ ਵੱਲੋਂ ਸਹਾਰਾ ਨਹੀਂ ਮਿਲਦਾ ਉਹ ਵਿਅਕਤੀ ਨਸ਼ੇ ਦਾ ਸਹਾਰਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੇ ਵਿਵਹਾਰ ਨੂੰ ਸਮਝਦਿਆਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਦਾ ਮੰਤਵ ਨੌਜਵਾਨ ਪੀੜ੍ਹੀ ਨੂੰ ਨਸ਼ਾ ਰਹਿਤ ਜ਼ਿੰਦਗੀ ਜਿਉਣ ਦਾ ਸੁਨੇਹਾ ਦੇ ਕੇ ਆਪਣੀ ਪਸੰਦੀਦਾ ਖੇਡ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦਾ ਨਾ ਸਿਰਫ ਇਕ ਵਿਅਕਤੀ ਅਤੇ ਉਸ ਦੇ ਪਰਿਵਾਰ ’ਤੇ ਬੁਰਾ ਪ੍ਰਭਾਵ ਪੈਂਦਾ ਹੈ ਸਗੋਂ ਸਮੁੱਚੇ ਸਮਾਜ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਦੇ ਲਈ ਹਰੇਕ ਨਾਗਰਿਕ ਨੂੰ ਨਸ਼ਿਆਂ ਦੇ ਕਲੰਕ ਨੂੰ ਖ਼ਤਮ ਕਰਨ ਲਈ ਅੱਗੇ ਆਉਣ ਦੀ ਲੋੜ ਹੈ।
ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਨਸ਼ਿਆਂ ਤੋਂ ਦੂਰ ਰਹਿਣ ਲਈ ਸਮੇਂ ਸਮੇਂ ’ਤੇ ਜਾਗਰੂਕਤਾ ਗਤੀਵਿਧੀਆਂ ਵੀ ਉਲੀਕੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਆਲੇ ਦੁਆਲੇ ਸਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਨਸ਼ਿਆਂ ਦੀ ਦਲਦਲ ਵਿਚ ਫਸਿਆ ਹੋਵੇ ਤਾਂ ਉਸ ਦੇ ਇਲਾਜ਼ ਅਤੇ ਕਾਊਂਸਲਿੰਗ ਲਈ ਪਹਿਲਕਦਮੀ ਕਰਨਾ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਜ਼ਿਲ੍ਹੇ ਦੀਆਂ ਵੱਖ ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਨਾਲ ਜੁੜ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਿਰੋਗ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ।
ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਅਤੇ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਸ਼ਾ ਵਿਰੋਧੀ ਜਾਗ੍ਰਿਤੀ ਯਾਤਰਾ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਸਮੇਤ ਸਮੂਹ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਸ੍ਰ ਬਲਵੰਤ ਸਿੰਘ ਭੀਖੀ ਨੇ ਨਸ਼ਾ ਵਿਰੋਧੀ ਜਾਗ੍ਰਿਤੀ ਯਾਤਰਾ ਵਿਚ ਸ਼ਾਮਿਲ ਹੋਏ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ।
ਇਸ ਤੋਂ ਪਹਿਲਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ੍ਰੀ ਗੁਰਪ੍ਰੀਤ ਸਿੰਘ ਭੁੱਚਰ, ਐਸ.ਪੀ. (ਹੈਡਕੁਆਰਟਰ) ਸ੍ਰੀ ਜਸਕੀਰਤ ਸਿੰਘ, ਐਸ.ਪੀ. (ਇਨਵੈਸਟੀਗੇਸ਼ਨ) ਸ੍ਰੀ ਬਾਲ ਕ੍ਰਿਸ਼ਨ, ਸ੍ਰੀ ਚੁਸ਼ਪਿੰਦਰ ਸਿੰਘ ਚਹਿਲ, ਸ੍ਰੀ ਕੁਲਦੀਪ ਸਿੰਘ ਬੀ.ਐਸ.ਪੀ., ਪ੍ਰਧਾਨ ਆਈ.ਐਮ.ਏ. ਮਾਨਸਾ ਡਾ. ਜਨਕ ਰਾਜ ਸਿੰਗਲਾ, ਵਿੱਕੀ ਕੁਮਾਰ ਜਿੰਮ ਐਸੋਸੀਏਸ਼ਨ, ਰਾਣੀ ਕੌਰ ਫਰਵਾਹੀ, ਜਗਮੋਹਨ ਸਿੰਘ ਕ੍ਰਿਕਟ ਐਸੋਸੀਏਸ਼ਨ ਆਦਿ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਅਮਨਦੀਪ ਸਿੰਗਲਾ ਸੈਕਟਰੀ ਲੀਗਲ ਵਿੰਗ ਆਮ ਆਦਮੀ ਪਾਰਟੀ, ਲਖਵਿੰਦਰ ਸਿੰਘ ਮੂਸਾ, ਪ੍ਰਧਾਨ ਸਾਬਕਾ ਸੈਨਿਕ ਦਰਸ਼ਨ ਸਿੰਘ, ਪੰਜਾਬ ਪੁਲਿਸ ਯੂਨੀਅਨ ਦਰਸ਼ਨ ਸਿੰਘ ਮੰਦਰ, ਜਗਦੀਪ ਸਿੰਘ ਸਰਪੰਚ ਯੂਨੀਅਨ ਬੁਰਜ ਢਿੱਲਵਾਂ, ਸਰਬਰ ਖਾਨ ਭੀਖੀ, ਪਰਗਟ ਖੀਵਾ, ਮੇਜਰ ਸਿੰਘ ਸਮਾਓਂ, ਬਿੱਕਰ ਮਘਾਣੀਆਂ, ਹਰਪ੍ਰੀਤ ਸਿੰਘ ਬਹਿਣੀਵਾਲ, ਦਰਸ਼ਨ ਸਿੰਘ, ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਪ੍ਰੇਮ ਕੁਮਾਰ ਅਰੋੜਾ, ਸੁਖਵੀਰ ਸਿੰਘ ਸੁੱਖਾ, ਬਾਸਕਿਟਬਾਲ ਕਲੱਬ ਭੀਖੀ, ਜੋਗਾ ਤੇ ਭੈਣੀਬਾਘਾ, ਬਲੌਰ ਸਿੰਘ ਰੱਲਾ, ਪ੍ਰਧਾਨ ਸਨਾਤਨ ਧਰਮ ਸਭਾ ਵਿਨੋਦ ਭੰਮਾ, ਸਮੂਹ ਸਪੋਰਟਸ ਕਲੱਬ, ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਸਮੇਤ ਵੱਖ ਵੱਖ ਸਕੂਲੀ ਵਿਦਿਆਰਥੀ, ਐਨ.ਜੀ.ਓ. ਦੇ ਨੁਮਾਇੰਦੇ ਹਾਜ਼ਰ ਸਨ।