*ਨਵੰਬਰ ਮਹੀਨਾ ਲੜੀਵਾਰ ਸਮਾਗਮਾਂ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਰਹੇਗਾ: ਮੀਤ ਹੇਅਰ*

0
8

ਚੰਡੀਗੜ, 18 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ )  ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪੂਰੇ ਨਵੰਬਰ ਮਹੀਨੇ ਨੂੰ ‘ਪੰਜਾਬੀ ਮਾਹ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਜਿਸ ਤਹਿਤ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨਾਲ ਸਬੰਧਤ ਮਹੀਨਾਭਰ ਸੂਬੇ ਦੇ ਵੱਖ-ਵੱਖ ਥਾਂਵਾਂ ਉਤੇ ਰਾਜ ਤੇ ਜ਼ਿਲਾ ਪੱਧਰੀ ਸਮਾਗਮ ਕਰਵਾਏ ਜਾਣਗੇ। ਆਪਣੀਆਂ ਰਚਨਾਵਾਂ/ਲਿਖਤਾਂ ਨਾਲ ਪੰਜਾਬੀ ਭਾਸ਼ਾ ਨੂੰ ਅਮੀਰੀ ਬਖ਼ਸ਼ਣ ਵਾਲੀਆਂ ਮਹਾਨ ਸਖਸ਼ੀਅਤਾਂ ਨੂੰ ਸਮਰਪਿਤ ਸਮਾਗਮ ਵੀ ਕਰਵਾਏ ਜਾਣਗੇ। ਇਹ ਜਾਣਕਾਰੀ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਵਚਨਬੱਧ ਹੈ। ਪੰਜਾਬੀ ਮਾਹ ਦੀ ਸ਼ੁਰੂਆਤ 1 ਨਵੰਬਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਰਾਹੀਂ ਹੋਵੇਗੀ ਜਿਸ ਤੋਂ ਬਾਅਦ ਪੂਰਾ ਮਹੀਨਾ ਸੂਬੇ ਦੇ ਵੱਖ-ਵੱਖ ਥਾਂਵਾਂ ਉਤੇ ਰੋਜ਼ਾਨਾ ਪ੍ਰੋਗਰਾਮ ਹੋਣਗੇ। 30 ਨਵੰਬਰ ਨੂੰ ਸਮਾਪਤੀ ਸਮਾਰੋਹ ਹੋਵੇਗਾ। ਮਹੀਨੇ ਦੌਰਾਨ ਸੱਤ ਰਾਜ ਪੱਧਰੀ ਤੇ ਬਾਕੀ ਜ਼ਿਲਾ ਪੱਧਰੀ ਸਮਾਗਮ ਹੋਣਗੇ ਅਤੇ ਹਰ ਜ਼ਿਲੇ ਵਿੱਚ ਘੱਟੋ-ਘੱਟ ਇਕ ਸਮਾਗਮ ਹੋਵੇਗਾ।  ਉਚੇਰੀ ਸਿੱਖਿਆ ਮੰਤਰੀ ਦੇ ਨਿਰਦੇਸ਼ਾਂ ਉਤੇ ਪੰਜਾਬੀ ਮਾਹ ਦੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕਣ ਲਈ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਵੱਲੋਂ ਪੰਜਾਬ ਭਵਨ ਵਿਖੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬੀ ਮਾਹ ਦੇ ਉਦਘਾਟਨੀ ਸਮਾਰੋਹ ਵਿੱਚ ਸਾਹਿਤਕ ਸਮਾਗਮ ਕਰਵਾਉਣ ਦੇ ਨਾਲ ਸਰਵੋਤਮ ਪੰਜਾਬੀ ਪੁਰਸਕਾਰ ਵੀ ਵੰਡੇ ਜਾਣਗੇ। 1 ਤੋਂ 7 ਨਵਬੰਰ ਤੱਕ ਪਟਿਆਲਾ ਵਿਖੇ ਰਾਜ ਪੱਧਰੀ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਨਾਟ ਮੰਡਲੀਆਂ ਵੱਲੋਂ ਨਾਟਕ ਪੇਸ਼ ਕੀਤੇ ਜਾਣਗੇ ਅਤੇ ਉਭਰਦੇ ਲੇਖਕਾਂ ਨਾਲ ਸੰਵਾਦ ਰਚਾਇਆ ਜਾਵੇਗਾ। 1 ਨਵੰਬਰ ਨੂੰ ਜ਼ਿਲਾ ਸਦਰ ਮੁਕਾਮਾਂ ਉਤੇ ਪੰਜਾਬੀ ਭਾਸ਼ਾ ਚੇਤਨਾ ਰੈਲੀ ਕੱਢੀ ਜਾਵੇਗੀ।
ਪ੍ਰੋਗਰਾਮਾਂ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦਿਆਂ ਭਾਸ਼ਾ ਵਿਭਾਗ ਦੀ ਜੁਆਇੰਟ ਡਾਇਰੈਕਟਰ ਵੀਰਪਾਲ ਕੌਰ ਨੇ ਦੱਸਿਆ ਕਿ ਮਹੀਨਾ ਭਰ ਚੱਲਣ ਵਾਲੇ ਸਮਾਗਮਾਂ ਵਿੱਚ ਲੇਖਣ ਮਿਲਣੀ, ਕਵੀ ਦਰਬਾਰ, ਸਾਹਿਤਕ ਕੁਇਜ਼ ਮੁਕਾਬਲਾ, ਕੋਰੀਓਗ੍ਰਾਫੀ, ਲੋਕ ਧਾਰਾ, ਲੋਕ ਭਾਸ਼ਾ ਅਤੇ ਲੋਕ ਗੀਤ ਮੁਕਾਬਲੇ, ਸਾਹਿਤ ਸਿਰਜਣਾ ਤੇ ਕਵਿਤਾ ਗਾਇਨ ਮੁਕਾਬਲੇ, ਨਾਟਕ ਮੇਲਾ, ਰੂਬਰੂ ਸਮਾਗਮ, ਪੁਆਧੀ ਕਵੀ ਦਰਬਾਰ, ਪੁਸਤਕ ਰਿਲੀਜ਼ ਸਮਾਗਮ, ਪ੍ਰੰਪਰਾਗਤ ਲੋਕ ਗਾਇਕੀ ਸਮਾਗਮ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬਾਬਾ ਸ਼ੇਖ ਫਰੀਦ ਨੂੰ ਸਮਰਪਿਤ, ਵਾਰਿਸ਼ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ, ਭਾਈ ਵੀਰ ਸਿੰਘ ਦੇ 150 ਸਾਲਾ ਜਨਮ ਦਿਹਾੜੇ, ਨਾਵਲਕਾਰ ਨਾਨਕ ਸਿੰਘ ਦੀ 125 ਸਾਲਾ ਜਨਮ ਦਿਹਾੜੇ, ਸਾਹਿਤ ਰਤਨ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਸਮਾਗਮ ਵੀ ਕਰਵਾਏ ਜਾ ਰਹੇ ਹਨ।

LEAVE A REPLY

Please enter your comment!
Please enter your name here