*ਨਵਜੋਤ ਸਿੱਧੂ ਦੇ ਚੰਨੀ ਸਰਕਾਰ ਨੂੰ ਸਵਾਲ, ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ‘ਤੇ ਹੁਣ ਤੱਕ ਕੀ..?*

0
57

ਚੰਡੀਗੜ੍ਹ 05,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਕਾਂਗਰਸ ਦਾ ਕਲੇਸ਼ ਮੁੱਕਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਨੇ ਅੱਜ ਮੁੜ ਆਪਣੀ ਹੀ ਸਰਕਾਰ ਉੱਪਰ ਸਵਾਲ ਉਠਾਏ। ਸਿੱਧੂ ਨੇ ਨਾਂ ਲਏ ਬਗੈਰ ਮੁੱਖ ਮੰਤਰੀ ਚਰਨਜੀਤ ਚੰਨੀ (Charanjit Singh Channi) ਦੀ ਕਾਰਗੁਜ਼ਾਰੀ ਉੱਪਰ ਹੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਹੁਣ ਤੱਕ ਸਰਕਾਰ ਨੇ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਵਿੱਚ ਸਰਕਾਰ ਨੇ ਕਿਹੜੇ ਕਦਮ ਚੁੱਕੇ।

ਉਨ੍ਹਾਂ ਕਿਹਾ ਕਿ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਬਾਰੇ ਪਿੰਡਾਂ ਵਿੱਚ ਕੀ ਜਵਾਬ ਦੇਵਾਂਗਾ। ਨਵਜੋਤ ਸਿੱਧੂ ਨੇ ਇਹ ਪ੍ਰੈੱਸ ਕਾਨਫਰੰਸ 6 ਨਵੰਬਰ ਨੂੰ ਹੋਣ ਜਾ ਰਹੀ ਕੈਬਨਿਟ ਮੀਟਿੰਗ (Punjab Cabinet Meeting) ਤੋਂ ਪਹਿਲਾਂ ਕੀਤੀ ਹੈ। ਉਨ੍ਹਾਂ ਨੇ ਸਿੱਧਾ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਬਾਰੇ ਸਖਤ ਐਕਸ਼ਨ ਲਿਆ ਜਾਵੇ।

ਸਿੱਧੂ ਨੇ ਬਿਨਾਂ ਨਾਂ ਲਏ ਚੰਨੀ ਸਰਕਾਰ ਦੇ ਕੁਝ ਫੈਸਲਿਆਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ਅੱਜ ਦੋ ਹੀ ਰਸਤੇ ਹਨ। ਜਾਂ ਤਾਂ ਗੱਲਾਂ-ਬਾਤਾਂ ਕਰਕੇ ਲਾਲੀਪਾਪ ਦੇ ਕੇ ਸਰਕਾਰ ਬਣਾਓ ਜਾਂ ਫਿਰ ਪੰਜਾਬ ਨੂੰ ਕਲਿਆਣਕਾਰੀ ਸੂਬਾ ਬਣਾਉਣ ਲਈ ਸਰਕਾਰ ਬਣਾਓ। 


ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਦੀ ਰਿਪੋਰਟ ਪਾਰਟੀ ਹਾਈਕਮਾਂਡ ਨੂੰ ਸੌਂਪੇ, ਮੈਂ ਇਸ ਨੂੰ ਜਨਤਕ ਕਰਾਂਗਾ। ਸਿੱਧੂ ਨੇ ਚੰਨੀ ਸਰਕਾਰ ਨੂੰ ਕਿਹਾ ਬਿਜਲੀ ਦੀਆਂ ਕੀਮਤਾਂ ਇੰਨੀਆਂ ਕਿਉਂ? ਕਮਿਸ਼ਨ ਕਿਸ ਨੇ ਖਾਧਾ? ਵਾਈਟ ਪੇਪਰ ਲਿਆਓ ਤਾਂ ਕਿ ਜਨਤਾ ਨੂੰ ਪਤਾ ਲੱਗੇ ਕਿ ਕਿਸ ਨੇ ਕੀ ਕੀਤਾ? ਮੈਂ ਮੁੱਦਿਆਂ ਦੀ ਗੱਲ ਕਰਦਾ ਹਾਂ, ਇਹ ਪੰਜਾਬ ਬਾਰੇ ਹੈ, ਨਿੱਜੀ ਕੁਝ ਨਹੀਂ।

ਉਂਝ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਹਾਲਾਂਕਿ ਨਵਜੋਤ ਸਿੱਧੂ ਨੇ ਕੰਮ ਸੰਭਾਲਣ ਲਈ ਸ਼ਰਤ ਰੱਖੀ ਹੈ। ਸਿੱਧੂ ਦਾ ਕਹਿਣਾ ਹੈ ਕਿ ਜਦੋਂ ਨਵੇਂ ਏਜੀ ਤੇ ਡੀਜੀਪੀ ਦਾ ਨਵਾਂ ਪੈਨਲ ਆਵੇਗਾ ਤਾਂ ਮੈਂ ਪਾਰਟੀ ਦਫ਼ਤਰ ਦਾ ਕੰਮ ਸੰਭਾਲ ਲਵਾਂਗਾ। ਨਵਜੋਤ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਸਰਕਾਰ ਦੀਆਂ ਨਿਯੁਕਤੀਆਂ ਦਾ ਵਿਰੋਧ ਕਰਦਿਆਂ ਅਸਤੀਫਾ ਦੇ ਦਿੱਤਾ ਸੀ।

ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਨਵਜੋਤ ਸਿੱਧੂ ਲਗਾਤਾਰ ਆਪਣੀ ਹੀ ਸਰਕਾਰ ਨੂੰ ਘੇਰਦੇ ਆ ਰਹੀ ਹਨ। ਇਸ ਲਈ ਹਾਈਕਮਾਨ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਇਕੱਠੇ ਕੇਦਾਰਨਾਥ ਵੀ ਗਏ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਮਗਰੋਂ ਮਾਮਲਾ ਸ਼ਾਂਤ ਹੋ ਗਿਆ ਹੈ ਪਰ ਸਿੱਧੂ ਦੇ ਤੇਵਰ ਵੇਖ ਲੱਗਦਾ ਹੈ ਕਿ ਅਜੇ ਅੱਗ ਸੁਲਘ ਰਹੀ ਹੈ।

ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਵਿਧਾਨ ਸਭਾ ਦੇ 8 ਨਵੰਬਰ ਦੇ ਵਿਸ਼ੇਸ਼ ਸੈਸ਼ਨ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵਿਧਾਇਕਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਚੰਡੀਗੜ੍ਹ ਛੱਡ ਕੇ ਆਪੋ-ਆਪਣੇ ਹਲਕੇ ਵਿੱਚ ਵਿਚਰਨ। ਸਿੱਧੂ ਨੇ ਆਖਿਆ ਹੈ ਕਿ ਵਿਧਾਇਕ ਆਪਣੇ ਹਲਕਿਆਂ ਵਿੱਚ ਪ੍ਰੋਗਰਾਮ ਰੱਖਣ ਤੇ ਉਹ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਨੌਂ ਨਵਬੰਰ ਤੋਂ ਪੰਜਾਬ ਦਾ ਦੌਰਾ ਵਿੱਢਣਗੇ।

ਮੀਡੀਆ ਵਿੱਚ ਚਕਚਾ ਸੀ ਕਾਂਗਰਸ ਹਾਈਕਮਾਂਡ ਵੱਲੋਂ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਵਿਚਾਲੇ ਸਮਝੌਤਾ ਕਰਾ ਦਿੱਤਾ ਗਿਆ ਹੈ, ਜਿਸ ਤਹਿਤ ਦੋਵਾਂ ਆਗੂਆਂ ਨੂੰ ਜਨਤਕ ਤੌਰ ’ਤੇ ਕੁਝ ਵੀ ਬੋਲਣ ਤੋਂ ਗੁਰੇਜ਼ ਕਰਨ ਲਈ ਆਖਿਆ ਗਿਆ ਹੈ। ਚੰਨੀ ਤੇ ਸਿੱਧੂ ਵੱਲੋਂ ਇਕੱਠੇ ਕੇਦਾਰਨਾਥ ਧਾਮ ਦੇ ਦਰਸ਼ਨ ਕਰਨਾ ਵੀ ਪੰਜਾਬ ਦੇ ਹਿੰਦੂ ਵਰਗ ਨੂੰ ਇੱਕ ਸਿਆਸੀ ਸੁਨੇਹਾ ਦੇਣ ਦੀ ਕੋਸ਼ਿਸ਼ ਸੀ। ਨਾਲ ਹੀ ਦੋਵਾਂ ਆਗੂਆਂ ਨੇ ਯਾਤਰਾ ਮੌਕੇ ਇਕੱਠੇ ਚੱਲਣ ਦਾ ਪ੍ਰਣ ਵੀ ਲਿਆ ਸੀ। ਅੱਜ ਸਿੱਧੂ ਦੇ ਤਿੱਖੇ ਹਮਲਿਆਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

LEAVE A REPLY

Please enter your comment!
Please enter your name here