ਨਗਰ ਸੁਧਾਰ ਸਭਾ ਵੱਲੋਂ ਖੇਤੀ ਨਾਲ ਸਬੰਧਿਤ ਕਾਲੇ ਕਾਨੂੰਨਾਂ ਵਿਰੁੱਧ 25 ਸਤੰਬਰ ਨੂੰ ਪੰਜਾਬ ਬੰਦ ਦੇ ਐਕਸ਼ਨ ਦਾ ਸਮੱਰਥਨ

0
82

ਬੁਢਲਾਡਾ – 23 ਸਤੰਬਰ (ਸਾਰਾ ਯਹਾ/ਅਮਨ ਮਹਿਤਾ) – ਸ਼ਹਿਰ ਦੀ ਸੰਸਥਾ ਨਗਰ ਸੁਧਾਰ ਸਭਾ ਨੇ ਖੇਤੀ ਨਾਲ ਸਬੰਧਿਤ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ-ਮਜ਼ਦੂਰ- ਵਪਾਰੀ ਆਦਿ ਵਰਗਾਂ ਦੀਆਂ ਜਥੇਬੰਦੀਆਂ ਵੱਲੋਂ ਦਿੱਤੇ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਸਮੱਰਥਨ ਦੇਣ ਦਾ ਫੈਸਲਾ ਕੀਤਾ ਹੈ। ਮੀਟਿੰਗ ਮੌਕੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਅਤੇ ਜਨਰਲ ਸਕੱਤਰ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਨੇ ਦੱਸਿਆ ਕਿ ਮੀਟਿੰਗ ਦੇ ਆਰੰਭ ਵਿੱਚ ਸ਼ਹਿਰ ਵਿੱਚ ਹੋਈਆਂ ਬੇਵਕਤੀਆਂ ਮੌਤਾਂ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਅਤੇ ਦੇਸ਼ ਵਿਰੋਧੀ ਕਾਲੇ ਕਾਨੂੰਨਾਂ ਨੂੰ ਕਿਸਾਨਾਂ , ਮਜਦੂਰਾਂ , ਛੋਟੇ ਵਪਾਰੀਆਂ ਸਮੇਤ ਹਰ ਵਰਗ ਦੇ ਲੋਕਾਂ ਲਈ ਘਾਤਕ ਕਰਾਰ ਦਿੱਤਾ ਅਤੇ ਕਿਹਾ ਕਿ ਇੰਨਾਂ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਦੇਸ਼ ਆਰਥਿਕਤਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ। ਮੀਟਿੰਗ ਵਿੱਚ ਫੈਸਲਾ ਕੀਤਾ ਕਿ 25 ਸਤੰਬਰ ਦੇ ਐਕਸ਼ਨ ਵਿੱਚ ਨਗਰ ਸੁਧਾਰ ਸਭਾ ਪੂਰੀ ਸ਼ਕਤੀ ਨਾਲ ਸ਼ਾਮਲ ਹੋਵੇਗੀ ਅਤੇ ਸੰਸਥਾ ਵੱਲੋਂ ਸ਼ਹਿਰ ਦੀਆਂ ਸਾਰੀਆਂ ਐਸੋਸੀਏਸ਼ਨਾਂ ਅਤੇ ਆਮ ਸ਼ਹਿਰੀਆਂ ਨੂੰ ਇਸ ਐਕਸ਼ਨ ਵਿੱਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ ਗਈ ਹੈ। ਉਕਤ ਆਗੂਆ ਨੇ ਦੱਸਿਆ ਕਿ ਮੀਟਿੰਗ ਵਿੱਚ ਮਤਾ ਪਾਸ ਕਰਕੇ ਮੰਗ ਕੀਤੀ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਸ਼ਹਿਰ ਵਿੱਚ ਕਰੋਨਾ ਪਾਜਿਟਿਵ ਆਏ ਮਰੀਜਾਂ ਦੇ ਇਲਾਜ , ਖਾਧ-ਖੁਰਾਕ , ਰਹਿਣ-ਸਹਿਣ ਤੋਂ ਇਲਾਵਾ ਪੀੜਤਾਂ ਦੇ ਘਰ , ਦੁਕਾਨ , ਦਫਤਰ ਆਦਿ ਸੈਨੇਟਾਈਜ ਕੀਤੇ ਜਾਣ ਅਤੇ ਕੋਰੋਨਾ ਮਰੀਜਾਂ ਦੀ ਵਧੀਆ ਦੇਖਭਾਲ ਕੀਤੀ ਜਾਵੇ। ਮੀਟਿੰਗ ਵਿੱਚ ਰੇਲਵੇ ਰੋਡ ਦੀਆਂ ਨਜਾਇਜ਼ ਉਸਾਰੀਆਂ-ਕਬਜ਼ਿਆਂ ਦੇ ਮਾਮਲੇ ਵਿੱਚ ਜ਼ਿਲਾ ਪ੍ਰਸ਼ਾਸਨ , ਸਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਸੁਖਾਵੇਂ ਅਤੇ ਆਪਸੀ ਤਾਲਮੇਲਵੇਂ ਢੰਗ ਨਾਲ ਸਿਰੇ ਚੜਾਇਆ ਜਾਵੇ। ਧੱਕੇਸ਼ਾਹੀ ਇਸ ਮਾਮਲੇ ਵਿੱਚ ਬਿਲਕੁਲ ਨਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਨਗਰ ਸੁਧਾਰ ਸਭਾ ਵੱਲੋਂ ਸ਼ਹਿਰ ਦੀਆਂ ਚਾਰ ਬੁਨਿਆਦੀ ਸਹੂਲਤਾਂ ਦੇ ਹੱਲ ਨੂੰ ਲੈ ਕੇ “ਸ਼ਹਿਰ ਵਿੱਚ ਰੋਸ” ਨਾਂਅ ਥੱਲੇ ਚਲਾਈ ਮੁਹਿੰਮ ਸਬੰਧੀ ਵਿਚਾਰ-ਚਰਚਾ ਕੀਤੀ ਗਈ ਅਤੇ ਮੰਗ ਕੀਤੀ ਕਿ ਇੰਨਾਂ ਸਮੱਸਿਆਵਾਂ ਜਿਵੇਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਵਿੱਚ ਸੀਵਰੇਜ਼ ਦੇ ਪਾਣੀ ਦੀ ਮਿਕਸ ਹੋਕੇ ਹੋ ਰਹੀ ਸਪਲਾਈ ਦਾ ਫੌਰੀ ਹੱਲ ਕੀਤਾ ਜਾਵੇ , ਸ਼ਹਿਰ ਦੇ ਬਰਸਾਤੀ ਅਤੇ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਦਾ ਫੌਰੀ ਪ੍ਰਬੰਧ ਕੀਤਾ ਜਾਵੇ , ਸ਼ਹਿਰ ਵਿੱਚ ਸਫ਼ਾਈ ਨੂੰ ਪਹਿਲ ਦੇ ਆਧਾਰ ‘ਤੇ ਲਿਆ ਜਾਵੇ , ਅਵਾਰਾ ਪਸੂਆਂ ਦਾ ਫੌਰੀ ਹੱਲ ਕੀਤਾ ਜਾਵੇ । ਮੀਟਿੰਗ ਦੌਰਾਨ ਚੇਅਰਮੈਨ ਸਤਪਾਲ ਸਿੰਘ ਕਟੌਦੀਆ ਨੇ ਕਿਹਾ ਕਿ ਉਕਤ ਦਰਪੇਸ਼ ਸਮੱਸਿਆਵਾਂ ਵੱਲ ਜੇਕਰ ਧਿਆਨ ਨਾ ਦਿੱਤਾ ਗਿਆ ਤਾਂ ਸੰਸਥਾ ਤਿੱਖੇ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਵੇਗੀ। ਆਗੂਆਂ ਨੇ ਆਖਿਆ ਕਿ ਕਰੋਨਾ ਮਹਾਂਮਾਰੀ ਕਾਰਨ ਪਹਿਲਾਂ ਹਰ ਕਾਰੋਬਾਰ ਦੇ ਲੋਕ ਬਹੁਤ ਜਿਆਦਾ ਮੰਦੇ ਦੀ ਸਥਿਤੀ ਵਿੱਚੋਂ ਗੁਜਰ ਰਹੇ ਹਨ ਦੂਜੇ ਪਾਸੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸ਼ਹਿਰ ਪੁੱਟਕੇ ਤਾਂ ਸੁੱਟ ਦਿੱਤਾ ਹੈ ਪਰ ਵਿਕਾਸ ਦੇ ਕਾਰਜਾਂ ਨੂੰ ਸੁਰੂ ਕਰਨ ਵੱਲ ਹਾਲਾਂ ਕੁੱਝ ਨਹੀਂ ਕੀਤਾ ਗਿਆ ਜਿਸ ਕਾਰਨ ਸ਼ਹਿਰ ਵਿੱਚ ਭਾਰੀ ਰੋਸ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਰਿਟਾਇਰਡ ਹੌਲਦਾਰ , ਵਿਸ਼ਾਲ ਰਿਸ਼ੀ , ਰਾਜਿੰਦਰ ਸਿੰਘ ਸੋਨੂੰ ਕੋਹਲੀ, ਅਮਿਤ ਕੁਮਾਰ ਜਿੰਦਲ , ਸੁਰਜੀਤ ਸਿੰਘ ਟੀਟਾ , ਗਗਨ ਦਾਸ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।

LEAVE A REPLY

Please enter your comment!
Please enter your name here