ਵਾਸ਼ਿੰਗਟਨ 04,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ) ° ਦੁਨੀਆ ਭਰ ਵਿੱਚ ਕੋਰੋਨਾ ਮਹਾਮਾਰੀ ਕਰਕੇ ਬੇਹੱਦ ਪ੍ਰੇਸ਼ਾਨ ਲੋਕਾਂ ਨੂੰ ਵੈਕਸੀਨ ਨਾਲ ਕੁਝ ਆਸ ਬੱਝੀ ਸੀ ਪਰ ਹੁਣ ਤਿੰਨ ਖੁਰਾਕਾਂ ਲੈਣ ਦੀ ਲੋੜ ਬਾਰੇ ਵਿਚਾਰ ਵੀ ਉੱਠਣੇ ਸ਼ੁਰੂ ਹੋ ਗਏ ਹਨ। ਅਮਰੀਕੀ ਡਾਕਟਰ ਤੇ ਯੂਐਸਏ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਮੈਡੀਕਲ ਸਲਾਹਕਾਰ ਐਂਥਨੀ ਫੌਸੀ ਨੇ ਵੈਕਸੀਨ ਬਾਰੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੂਰਨ ਟੀਕਾਕਰਨ ਲਈ ਤੀਜੀ ਡੋਜ਼ ਦੀ ਲੋੜ ਹੋਵੇਗੀ।
ਤਿੰਨ ਖੁਰਾਕਾਂ ਲੈਣਾ ਲਾਜ਼ਮੀ ਹੋ ਸਕਦਾ ਹੈ- ਫੌਸੀ
ਵ੍ਹਾਈਟ ਹਾਊਸ ਦੀ ਪ੍ਰੈਸ ਬ੍ਰਿਫਿੰਗ ਵਿੱਚ ਐਂਥਨੀ ਫੌਸੀ ਨੇ ਕਿਹਾ, “ਵੈਕਸੀਨ ਦੀਆਂ ਤਿੰਨ ਖੁਰਾਕਾਂ ਲੈਣਾ ਹੁਣ ਲਾਜ਼ਮੀ ਹੋ ਸਕਦਾ ਹੈ। ਇਸ ਨਾਲ ਇਮਿਊਨਿਟੀ ਵਧਾਉਣ ਵਿੱਚ ਮਦਦ ਮਿਲੇਗੀ। ਦੇਸ਼ ਉਨ੍ਹਾਂ ਸਾਰੇ ਅਮਰੀਕੀਆਂ ਲਈ ਬੂਸਟਰ ਤਿਆਰ ਕਰ ਰਿਹਾ ਹੈ, ਜਿਨ੍ਹਾਂ ਆਪਣੀ ਦੂਜੀ ਖ਼ੁਰਾਕ ਦੇ ਪੰਜ ਤੋ ਅੱਠ ਮਹੀਨਿਆਂ ਵਿੱਚ ਫਾਈਜ਼ਤ ਤੇ ਮਾਡਰਨਾ ਦੇ ਐਮਆਰਐਨਏ ਟੀਕੇ ਲੱਗੇ ਹਨ। ਇੱਕ ਇਮਿਊਨਿਟੀ ਵਿਗਿਆਨੀ ਵਜੋਂ ਮੈਂ ਆਪਣੇ ਤਜ਼ਰਬੇ ਤੋਂ ਇਹ ਕਹਿਣ ਵਿੱਚ ਬਿਲਕੁਲ ਨਹੀਂ ਝਕਦਾ ਕਿ ਪੂਰਨ ਟੀਕਾਕਰਨ ਲਈ ਹੁਣ ਤਿੰਨ ਖੁਰਾਕਾਂ ਲੋੜੀਂਦੀਆਂ ਹੋਣਗੀਆਂ।”
175 ਮਿਲੀਅਨ ਅਮਰੀਕੀਆਂ ਨੂੰ ਮਿਲ ਚੁੱਕੀਆਂ ਹਨ ਦੋਵੇਂ ਖੁਰਾਕਾਂ
ਅਮਰੀਕਾ ਦੀ ਨਵੀਂ ਯੋਜਨਾ ਦਾ ਉਦੇਸ਼ ਅਮਰੀਕੀਆਂ ਨੂੰ ਫਾਈਜ਼ਰ ਜਾਂ ਮਾਡਰਨਾ ਟੀਕਿਆਂ ਦਾ ਦੂਜਾ ਸ਼ੌਟ ਮਿਲਣ ਦੇ ਅੱਠ ਮਹੀਨਿਆਂ ਮਗਰੋਂ ਤੀਜੀ ਖੁਰਾਕ ਉਪਲਬਧ ਕਰਵਾਉਣਾ ਹੈ। ਹਾਲਾਂਕਿ, ਫੌਸੀ ਨੇ ਕਿਹਾ ਹੈ ਕਿ ਖਾਧ ਤੇ ਜੜੀ-ਬੂਟੀ ਪ੍ਰਸ਼ਾਸਨ ਨੇ ਇਸ ਬਾਰੇ ਆਖਰੀ ਫੈਸਲਾ ਲੈਣਾ ਹੈ। ਐਂਥਨੀ ਫੌਸੀ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡਿਜ਼ੀਜ਼ ਦੇ ਨਿਰਦੇਸ਼ਨ ਵੀ ਹਨ।
ਵ੍ਹਾਈਟ ਹਾਊਸ ਦੇ ਅੰਕੜਿਆਂ ਮੁਤਾਬਕ 175 ਮਿਲੀਅਨ ਅਮਰੀਕੀਆਂ ਨੂੰ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇੱਕ ਮਹੀਨੇ ਪਹਿਲਾਂ ਦੇ ਮੁਕਾਬਲੇ ਇਸ ਵਾਰ 10 ਮਿਲੀਅਨ ਵਧੇਰੇ ਖੁਰਾਕਾਂ ਦਿੱਤੀਆਂ ਗਈਆਂ ਹਨ।