*ਦੁਕਾਨਾਂ ਖੋਲ੍ਹਣ ਸਬੰਧੀ ਤਜਵੀਜ਼ ਮਾਨਸਾ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੂੰ ਭੇਜੀ, ਨਗਰ ਕੌਂਸਲ ਦੇ ਕੌਂਸਲਰਾਂ ਨਾਲ ਮੀਟਿੰਗ ਵਿਧਾਇਕ ਮਾਨਸ਼ਾਹੀਆ, ਡੀ.ਸੀ, ਐਸ.ਐਸ.ਪੀ ਸਮੇਤ ਹੋਰ ਮੋਹਤਬਰ ਵੀ ਹੋਏ ਸ਼ਾਮਲ*

0
187

ਮਾਨਸਾ, 7 ਮਈ(ਸਾਰਾ ਯਹਾਂ/ਮੁੱਖ ਸੰਪਾਦਕ)  : ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪਿਛਲੇ ਦਿਨਾਂ ਦੌਰਾਨ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਦੀ ਪਾਲਣਾ ਕਰਨਾ ਹਰੇਕ ਨਾਗਰਿਕ ਦਾ ਮੁਢਲਾ ਫਰਜ਼ ਹੈ ਕਿਉਂ ਜੋ ਕੋਰੋਨਾ ਮਹਾਂਮਾਰੀ ਕਾਰਨ ਅਸੀਂ ਆਪਣੇ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਕੀਮਤੀ ਜਾਨਾਂ ਗੁਆ ਚੁੱਕੇ ਹਾਂ ਅਤੇ ਭਵਿੱਖ ਵਿੱਚ ਅਜਿਹੇ ਕਿਸੇ ਵੀ ਖ਼ਤਰੇ ਨੂੰ ਰੋਕਣ ਲਈ ਹਰੇਕ ਨਾਗਰਿਕ ਦਾ ਵਿਅਕਤੀਗਤ ਪੱਧਰ ‘ਤੇ ਸਹਿਯੋਗ ਬੇਹੱਦ ਜ਼ਰੂਰੀ ਹੈ। ਇਹ ਪ੍ਰਗਟਾਵਾ ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ ਨੇ ਅੱਜ ਬੱਚਤ ਭਵਨ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ, ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ, ਸਾਬਕਾ ਵਿਧਾਇਕ ਸ. ਅਜੀਤ ਇੰਦਰ ਸਿੰਘ ਮੋਫ਼ਰ, ਸੀਨੀਅਰ ਆਗੂ ਸ਼੍ਰੀਮਤੀ ਮੰਜੂ ਬਾਲਾ ਤੇ ਪ੍ਰਧਾਨ ਨਗਰ ਕੌਂਸਲ ਸ਼੍ਰੀਮਤੀ ਜਸਵੀਰ ਕੌਰ ਦੀ ਮੌਜੂਦਗੀ ਵਿੱਚ ਸਮੂਹ ਕੌਂਸਲਰਾਂ ਨਾਲ ਮੀਟਿੰਗ ਕਰਦਿਆਂ ਕੀਤਾ। ਵਿਧਾਇਕ ਮਾਨਸ਼ਾਹੀਆ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੱਖ ਵੱਖ ਵਪਾਰੀ ਨੁਮਾਇੰਦਿਆਂ, ਕੌਂਸਲਰਾਂ ਸਮੇਤ ਹਰ ਵਰਗ ਨਾਲ ਮੀਟਿੰਗ ਕਰਕੇ ਲਾਕਡਾਊਨ ਦੌਰਾਨ ਦਰਪੇਸ਼ ਆ ਰਹੀਆਂ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਫੀਡਬੈਕ ਪ੍ਰਾਪਤ ਕਰਕੇ ਸਰਕਾਰ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਛੇਤੀ ਹੀ ਢੁਕਵਾਂ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਸਾਰੀਆਂ ਫੀਡਬੈਕ ਦੇ ਆਧਾਰ ‘ਤੇ ਪੰਜਾਬ ਸਰਕਾਰ ਨੂੰ ਵਪਾਰਕ ਸੰਸਥਾਨਾਂ ਤੇ ਦੁਕਾਨਾਂ ਖੋਲ੍ਹਣ ਸਬੰਧੀ ਤਜ਼ਵੀਜ਼ ਬਣਾ ਕੇ ਭੇਜੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਪ੍ਰਵਾਨਗੀ ਮਿਲਣ ‘ਤੇ ਇਸ ਸਬੰਧੀ ਯੋਗ ਫੈਸਲਾ ਛੇਤੀ ਹੀ ਲਾਗੂ ਕਰ ਦਿੱਤਾ ਜਾਵੇਗਾ। 


ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਅਤੇ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਨੇ ਕੋਰੋਨਾ ਦੀ ਜਾਂਚ ਲਈ ਵਾਰਡਾਂ ਵਿੱਚ ਟੈਸਟਿੰਗ ਦੀ ਦਰ ਵਧਾਉਣ, ਹਰੇਕ ਯੋਗ ਨਾਗਰਿਕ ਦਾ ਟੀਕਾਕਰਨ ਕੀਤੇ ਜਾਣ, ਘਰੇਲੂ ਇਕਾਂਤਵਾਸ ਵਿੱਚ ਰਹਿੰਦੇ ਨਾਗਰਿਕਾਂ ਦੀ ਨਿਰੰਤਰ ਨਿਗਰਾਨੀ ਕਰਨ, ਕੰਟੈਕਟ ਟਰੇਸਿੰਗ, ਫ਼ਤਿਹ ਕਿੱਟਾਂ ਦੀ ਵੰਡ ਆਦਿ ਵਿੱਚ ਪ੍ਰਸ਼ਾਸਨ ਨੂੰ ਸਹਿਯੋਗ ਦਿੱਤੇ ਜਾਣ ਦੀ ਅਪੀਲ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਜਨ ਪ੍ਰਤੀਨਿਧੀ ਹੋਣ ਦੇ ਚਲਦਿਆਂ ਸਮੂਹ ਕੌਂਸਲਰਾਂ ਨੂੰ ਸੰਕਟ ਦੀ ਇਸ ਘੜੀ ਵਿੱਚ ਆਪਣੀ ਮਦਦ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਕਿਉਂਕਿ ਸਰਕਾਰ ਦਾ ਉਦੇਸ਼ ਹੈ ਕਿ ਨਾ ਤਾਂ ਸਿਹਤ ਪੱਖੋਂ ਅਵੇਸਲੇਪਣ ਕਾਰਨ ਸਾਡੀਆਂ ਕੀਮਤੀ ਜਾਨਾਂ ਗੁਆਚਣ ਅਤੇ ਨਾ ਹੀ ਲੋਕਾਂ ਦੇ ਰੁਜ਼ਗਾਰ ਨੂੰ ਖ਼ਤਰਾ ਪੈਦਾ ਹੋਵੇ। ਦੋਵਾਂ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨਿਕ ਤੇ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਦਿਨ ਰਾਤ ਲੋਕਾਂ ਦੀ ਸੇਵਾ ਲਈ ਕਾਰਜਸ਼ੀਲ ਹਨ ਅਤੇ ਕੋਰੋਨਾ ਦੀ ਇਸ ਲੜਾਈ ਵਿੱਚ ਸਰਕਾਰੀ ਤੌਰ ‘ਤੇ ਫੰਡਾਂ ਦੀ ਵੀ ਕੋਈ ਕਮੀ ਨਹੀਂ ਹੈ। ਐਸ.ਐਸ.ਪੀ ਨੇ ਕਿਹਾ ਕਿ ਹਰੇਕ ਨਾਗਰਿਕ ਨੂੰ ਆਰ.ਟੀ ਪੀ.ਸੀ.ਆਰ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਪਾਜੀਟਿਵ ਆਉਣ ‘ਤੇ ਪੂਰੇ ਅਹਿਤਿਆਤ ਵਰਤੇ ਜਾ ਸਕਣ ਅਤੇ ਇਸ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦੁਕਾਨਾਂ ਨੂੰ ਖੋਲ੍ਹਣ ਸਬੰਧੀ ਫੈਸਲਾ ਲਾਗੂ ਹੋਣ ਤੋਂ ਬਾਅਦ ਵੀ ਸਮਾਜਿਕ ਦੂਰੀ, ਮਾਸਕ ਪਾ ਕੇ ਰੱਖਣ ਅਤੇ ਵਾਰ ਵਾਰ ਧੋਣ ਜਿਹੀਆਂ ਕ੍ਰਿਆਵਾਂ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ । ਐਸ.ਐਸ.ਪੀ ਸ਼੍ਰੀ ਲਾਂਬਾ ਨੇ ਕਿਹਾ ਕਿ ਉਲੰਘਣਾਕਾਰੀਆਂ ਦੇ ਚਾਲਾਨ ਕੱਟਣਾ ਜਾਂ ਵੱਧ ਤੋਂ ਵੱਧ ਐਫ.ਆਈ.ਆਰ ਦਰਜ ਕਰਨ ਨਾਲੋਂ ਸਾਡੀ ਤਰਜੀਹ ਕੀਮਤੀ ਜਾਨਾਂ ਨੂ ੰਸੁਰੱਖਿਅਤ ਰੱਖਣਾ ਹੈ ਜਿਸ ਲਈ ਹਰੇਕ ਵਿਅਕਤੀ ਦਾ ਨਿੱਜੀ ਸਹਿਯੋਗ ਬੇਹੱਦ ਜ਼ਰੂਰੀ ਹੈ। 
ਮੀਟਿੰਗ ਦੌਰਾਨ ਸਾਬਕਾ ਵਿਧਾਇਕ ਸ. ਅਜੀਤ ਇੰਦਰ ਸਿੰਘ ਮੋਫਰ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਬੇਹੱਦ ਘਾਤਕ ਹੈ ਅਤੇ ਇਸ ਤੋਂ ਬਚਾਅ ਲਈ ਆਪਸੀ ਸਹਿਯੋਗ ਤੇ ਮਿਲਵਰਤਨ ਦੀ ਲੋੜ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਬੇਹੱਦ ਐਮਰਜੈਂਸੀ ਹਾਲਾਤਾਂ ਵਿੱਚ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ ਤਾਂ ਜੋ ਕੋਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ। ਸ਼੍ਰੀਮਤੀ ਮੰਜੂ ਬਾਲਾ ਨੇ ਕਿਹਾ ਕਿ ਪ੍ਰਸ਼ਾਸਨਿਕ ਤੇ ਪਾਰਟੀ ਪੱਧਰ ‘ਤੇ ਲੋਕ ਜਾਗਰੂਕਤਾ ਹਿੱਤ ਲਗਾਤਾਰ ਉਪਰਾਲੇ ਜਾਰੀ ਹਨ ਅਤੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਹਰੇਕ ਨਾਗਰਿਕ ਦਾ ਸਹਿਯੋਗ ਸਮੇਂ ਦੀ ਲੋੜ ਹੈ। 
ਮੀਟਿੰਗ ਦੌਰਾਨ ਕੌਂਸਲਰਾਂ ਨੇ ਆਪਣੇ ਸੁਝਾਅ ਪੇਸ਼ ਕੀਤੇ ਜਿਨ੍ਹਾਂ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਚਾਰ ਕਰਦਿਆਂ ਭਰੋਸਾ ਦਿਵਾਇਆ ਕਿ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ ਅਤੇ ਜਲਦੀ ਹੀ ਜ਼ਰੂਰੀ ਤੇ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਸਬੰਧੀ ਯੋਗ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

LEAVE A REPLY

Please enter your comment!
Please enter your name here