ਬੁਢਲਾਡਾ 7 ਮਈ (ਸਾਰਾ ਯਹਾਂ/ਅਮਨ ਮਹਿਤਾ): ਐਨਐਚਐਮ ਕਰਮਚਾਰੀਆਂ ਵੱਲੋਂ ਰੈਗੂਲਰ ਕਰਨ ਅਤੇ ਹੱਕੀ ਮੰਗਾਂ ਲਈ ਸ਼ੁਰੂ ਕੀਤੇ ਗਏ ਸੰਘਰਸ਼ ਦੇ ਅੱਜ ਚੋਥੇ ਦਿਨ ਸਿਵਲ ਹਸਪਤਾਲ ਬੁਢਲਾਡਾ ਨਾਲ ਸੰਬੰਧਤ ਐਨ ਐਚ ਐਮ ਕਰਮਚਾਰੀਆ ਵੱਲੋਂ ਧਰਨਾ ਦੇ ਕੇ ਜਿੱਥੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਉੱਥੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆ। ਇਸ ਮੋਕੇ ਸਬੋਧਨ ਕਰਦਿਆ ਸਟਾਫ ਨਰਸ ਯੂਨੀਅਨ ਦੀ ਪ੍ਰਧਾਨ ਵੀਰਪਾਲ ਕੋਰ, ਅਮਨਦੀਪ ਸਿੰਘ, ਅਮਰਜੀਤ ਕੋਰ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਅਤੇ ਸਰਕਾਰ ਦੁਆਰਾ ਸਮਝੌਤੇ ਦੇ ਪ੍ਰਸਤਾਵ ਸੰਬੰਧੀ ਜਾਰੀ ਕੀਤੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਕਰਮਚਾਰੀਆਂ ਦਾ 9 ਫੀਸਦੀ ਵਾਧਾ ਨਿਗੂਣਾ ਹੈ ਇਸ ਵਾਧੇ ਨਾਲ
ਕਰਮਚਾਰੀਆਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਯੂਨੀਅਨ ਹੱਕੀ ਮੰਗਾਂ ਲਈ ਸੰਘਰਸ਼ ਲਗਾਤਾਰ ਜਾਰੀ ਰੱਖੇਗੀ। ਉਹ ਕਿਸੇ ਵੀ ਹਾਲਾਤ ਵਿੱਚ ਸਰਕਾਰ ਦੁਆਰਾ ਦਿੱਤੇ ਗਏ ਲਾਲੀਪਾਪ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਦੀ ਇੱਕੋ ਹੀ ਮੰਗ ਹੈ ਕਿ ਐਨਐਚਐਮ ਕਰਮਚਾਰੀਆਂ ਨੂੰ ਰੈਗੂਲਰ ਕਰਕੇ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ। ਇਸ ਮੋਕੇ ਤੇ ਸਿਵਲ ਹਸਪਤਾਲ ਦੇ ਕਾਰਜਕਾਰੀ ਅਧਿਕਾਰੀ ਡਾ ਸ਼ਾਲਿਕਾ ਨੇ ਕਿਹਾ ਕਿ ਐਨ ਐਚ ਐਮ ਕਰਮਚਾਰੀ ਜਿੱਥੇ ਕੋਵਿਡ 19 ਦੀ ਮਹਾਮਾਰੀ ਦੌਰਾਨ ਪਹਿਲੀ ਕਤਾਰ ਵਿੱਚ ਕਰੋਨਾ ਯੋਧਿਆ ਵਜੋਂ ਕੰਮ ਕਰਕੇ ਆਪਣੀ ਸਿਹਤ ਨੂੰ ਜ਼ੋਖਮ ਵਿੱਚ ਪਾਉਦਿਆਂ ਕੰਮ ਕਰ ਰਹੇ ਹਨ। ਇਨ੍ਹਾਂ ਦੀਆਂ ਜਾਇਜ਼ ਮੰਗਾਂ ਸੰਬੰਧੀ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਮੋਕੇ ਤੇ ਉਨ੍ਹਾਂ ਨਾਲ ਡਾ ਸਤਿੰਦਰ ਆਦਿ ਹਾਜ਼ਰ ਸਨ।