*ਦਾਗੀ ਵਿਧਾਇਕਾਂ ਨੂੰ ਚੋਣ ਪ੍ਰਚਾਰ ਕਮੇਟੀ ਚ ਸ਼ਾਮਿਲ ਕਰਨ ਕਰਕੇ ਆਪ ਦੇ ਚਿਹਰੇ ਤੋਂ ਇਮਾਨਦਾਰੀ ਦਾ ਮਖੌਟਾ ਉਤਰਿਆ: ਮਾਈਕਲ ਗਾਗੋਵਾਲ*

0
91

ਮਾਨਸਾ, 9 ਮਈ:(ਸਾਰਾ ਯਹਾਂ/ਮੁੱਖ ਸੰਪਾਦਕ) ਖੁਦ ਨੂੰ ਇਮਾਨਦਾਰ ਦੱਸਣ ਵਾਲੀ ਆਮ ਆਦਮੀ ਪਾਰਟੀ ਨੇ ਹੁਣ ਬਠਿੰਡਾ ਲੋਕ ਸਭਾ ਹਲਕੇ ਵਿੱਚ ਆਪਣੇ ਦਾਗੀ ਵਿਧਾਇਕਾਂ ਨੂੰ ਚੋਣ ਪ੍ਰਚਾਰ ਕਮੇਟੀ ਵਿੱਚ ਸ਼ਾਮਿਲ ਕਰਕੇ ਦਰਸਾ ਦਿੱਤਾ ਹੈ ਕਿ ਇਹ ਹਾਥੀ ਦੇ ਦੰਦ ਖਾਣ ਨੂੰ ਹੋਰ ਹਨ ਅਤੇ ਦਿਖਾਉਣ ਨੂੰ ਹੋਰ ਹਨ। ਇੱਥੇ ਜਾਰੀ ਇੱਕ ਬਿਆਨ ਵਿੱਚ ਮਾਨਸਾ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਦੋਸ਼ ਲਾਇਆ ਕਿ ਖੁਦ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ‘ਤੇ ਤਤਕਾਲੀ ਕੈਬਿਨਟ ਮੰਤਰੀ ਅਤੇ ਮਾਨਸਾ ਹਲਕੇ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੂੰ ਪਰਚਾ ਦਰਜ ਕਰਕੇ ਜੇਲ ਭੇਜਿਆ ਗਿਆ ਅਤੇ ਇਸੇ ਤਰ੍ਹਾਂ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਆਪਣੇ ਨਿੱਜੀ ਸਹਾਇਕ ਰਾਹੀਂ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਗਿਰਫਤਾਰ ਕੀਤਾ ਗਿਆ। ਦੋਨਾਂ ਵਿਧਾਇਕਾਂ ਦੀ ਗ੍ਰਿਫਤਰੀ ਤੋਂ ਬਾਅਦ ਬਕਾਇਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਭ੍ਰਿਸ਼ਟਾਚਾਰੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਹ ਉਹਨਾਂ ਦੀ ਹੀ ਪਾਰਟੀ ਦੇ ਕਿਉਂ ਨਾ ਹੋਣ। ਮਾਈਕਲ ਗਾਗੋਵਾਲ ਨੇ ਆਪਣੇ ਬਿਆਨ ਦੇ ਵਿੱਚ ਅੱਗੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ, ਕੀ ਹੁਣ ਇਹਨਾਂ ਦੋਨਾਂ ਵਿਧਾਇਕਾਂ ਨੂੰ ਕੋਰਟ ਨੇ ਬਾਇਜਤ ਬਰੀ ਕਰ ਦਿੱਤਾ ਹੈ ਜਾਂ ਫਿਰ ਖੁਦ ਉਹਨਾਂ ਵੱਲੋਂ ਚੋਣਾਂ ਵਿੱਚ ਇਹਨਾਂ ਵਿਧਾਇਕਾਂ ਦੀ ਮਦਦ ਲੈਣ ਵਾਸਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਬਿੱਲੀ ਵਾਂਗ ਅੱਖਾਂ ਮੀਚ ਲਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਹੁਣ ਇਹ ਵਿਧਾਇਕ ਸ਼ਰੇਆਮ ਮੁੱਖ ਮੰਤਰੀ ਦੀਆਂ ਚੋਣ ਰੈਲੀਆਂ ਵਿੱਚ ਸ਼ਾਮਿਲ ਹੋ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਵੋਟਾਂ ਮੰਗ ਰਹੇ ਹਨ। ਗਾਗੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਹੁਣ ਇਹ ਗੱਲ ਲੋਕਾਂ ਨੂੰ ਸਪਸ਼ਟ ਕਰਨੀ ਚਾਹੀਦੀ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਲਿਪਤ ਇਹ ਵਿਧਾਇਕ ਕਿਸ ਆਧਾਰ ਤੇ ਉਹਨਾਂ ਦੇ ਚੋਣ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਰਹੇ ਹਨ। ਕਾਂਗਰਸ ਪਾਰਟੀ ਦੇ ਨੌਜਵਾਨ ਪ੍ਰਧਾਨ ਨੇ ਆਪਣੇ ਬਿਆਨ ਨੂੰ ਜਾਰੀ ਰੱਖਦਿਆਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਸ ਬਦਲਾਵ ਵਾਲੀ ਝੂਠੀ ਸਰਕਾਰ ਦੀਆਂ ਚਾਲਬਾਜ਼ੀਆਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਹੁਣ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਇਨਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ। ਉਨਾਂ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਸੂਬੇ ਦੇ ਲੋਕਾਂ ਦੀ ਤਰਜਮਾਨੀ ਕਰਦੀ ਹੈ ਅਤੇ ਅੰਦਰੋਂ ਅਤੇ ਬਾਹਰੋਂ ਕਹਿਣੀ ਅਤੇ ਕਰਨੀ ਦੀ ਬਿਲਕੁਲ ਪੂਰੀ ਪੱਕੀ ਹੈ ਜਿਸ ਦੇ ਚਲਦੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਮਯਾਬ ਕੀਤਾ ਜਾਣਾ ਚਾਹੀਦਾ ਹੈ।

LEAVE A REPLY

Please enter your comment!
Please enter your name here