ਡਿਪਟੀ ਕਮਿਸ਼ਨਰ ਵੱਲੋਂ ਬੇਸਹਾਰਾ ਪਸ਼ੂ ਧੰਨ ਦੀ ਸਾਂਭ ਸੰਭਾਲ ਲਈ ਸਬ ਡਵੀਜ਼ਨ ਪੱਧਰ ‘ਤੇ ਢੁਕਵੇਂ ਸਥਾਨ ਭਾਲਣ ਦੀ ਹਦਾਇਤ

0
24

ਮਾਨਸਾ, 28 ਦਸੰਬਰ  (ਸਾਰਾ ਯਹਾ / ਮੁੱਖ ਸੰਪਾਦਕ):: ਇਨ੍ਹੀਂ ਦਿਨੀਂ ਪੈ ਰਹੀ ਸੰਘਣੀ ਧੁੰਦ ਦੇ ਮੱਦੇਨਜ਼ਰ ਸੜਕ ਦੁਰਘਟਨਾਵਾਂ ਦਾ ਕਾਰਨ ਬਣਨ ਵਾਲੇ ਬੇਸਹਾਰਾ ਪਸ਼ੂ ਧੰਨ ਨੂੰ ਜ਼ਿਲ੍ਹੇ ਦੀਆਂ ਸਰਕਾਰੀ ਤੇ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਤਬਦੀਲ ਕਰਨ ਦੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਕਿ ਸਬ ਡਵੀਜ਼ਨ ਪੱਧਰ ‘ਤੇ ਇੱਕ ਇੱਕ ਅਜਿਹੇ ਸਥਾਨ ਦੀ ਪਛਾਣ ਕੀਤੀ ਜਾਵੇ ਜਿਥੇ ਕਿ ਬੇਸਹਾਰਾ ਪਸ਼ੂ ਧੰਨ ਲਈ ਨਵੀਂਆਂ ਗਊਸ਼ਾਲਾਵਾਂ ਦਾ ਨਿਰਮਾਣ ਕਰਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰਾਂ ਜਾਂ ਪਿੰਡਾਂ ਵਿੱਚ ਵੱਖ-ਵੱਖ ਗਊਸ਼ਾਲਾਵਾਂ ਸਥਾਪਤ ਹੋਣ ਨਾਲ ਜ਼ਿਲ੍ਹਾ ਨਿਵਾਸੀਆਂ ਨੂੰ ਲਾਵਾਰਿਸ ਤੇ ਬੇਸਹਾਰਾ ਪਸ਼ੂ ਧੰਨ ਦੀ ਸਮੱਸਿਆ ਤੋਂ ਮੁਕੰਮਲ ਤੌਰ ‘ਤੇ ਰਾਹਤ ਮਿਲ ਸਕੇਗੀ। 
ਡਿਪਟੀ ਕਮਿਸ਼ਨਰ ਨੇ ਪੀ.ਡਬਲਿਊ.ਡੀ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਧੁੰਦ ਕਾਰਨ ਵਾਪਰਦੇ ਸੜਕ ਹਾਦਸਿਆਂ ਤੋਂ ਬਚਾਅ ਲਈ ਪੁਲੀਆਂ ਦੇ ਆਲੇ ਦੁਆਲੇ ਰੇਲਿੰਗ ਵਿਵਸਥਾ ਨੂੰ ਦਰੁਸਤ ਰੱਖਿਆ ਜਾਵੇ। ਉਨ੍ਹਾਂ ਸਟੇਟ ਹਾਈਵੇ ਅਤੇ ਨੈਸ਼ਨਲ ਹਾਈਵੇ ‘ਤੇ ਲੋੜ ਮੁਤਾਬਿਕ ਸਪੀਡ ਬ੍ਰੇਕਰ, ਕਰਾਸਿੰਗ ਲਾਈਨਾਂ, ਸਾਈਨ ਬੋਰਡ, ਰਿਫਲੈਕਟਰ ਆਦਿ ਲਗਵਾਉਣ ਸਬੰਧੀ ਵੀ ਹਦਾਇਤ ਕੀਤੀ। ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਹਾਲਾਂਕਿ ਜ਼ਿਲ੍ਹੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੜਕ ਸੁਰੱਖਿਆ ਸਬੰਧੀ ਕੀਤੇ ਗਏ ਉਪਰਾਲਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਪੱਧਰ ‘ਤੇ ਅਜਿਹੀ ਹਰ ਸਮੱਸਿਆ ਦਾ ਫੌਰੀ ਹੱਲ ਕਰਨ ਦੀ ਹਦਾਇਤ ਕੀਤੀ ਜਾ ਰਹੀ ਹੈ ਜੋ ਕਿ ਸੰਘਣੀ ਧੁੰਦ ਕਾਰਨ ਜਾਨੀ ਜਾਂ ਮਾਲੀ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ। 
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਰਾਤ ਨੂੰ ਬਾਹਰਲੇ ਬੇਸਹਾਰਾ ਪਸ਼ੂਆਂ ਦੇ ਦਾਖਲ ਹੋਣ ‘ਤੇ ਜਾਂ ਕਿਸੇ ਬਾਹਰਲੇ ਵਿਅਕਤੀ ਦੁਆਰਾ ਪਸ਼ੂ ਛੱਡੇ ਜਾਣ ਸਬੰਧੀ ਚੌਕਸੀ ਰੱਖਣ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜੇ ਅਜਿਹਾ ਕੋਈ ਵੀ ਸ਼ਰਾਰਤੀ ਅਨਸਰ ਜ਼ਿਲ੍ਹੇ ਦੇ ਕਿਸੇ ਸ਼ਹਿਰੀ ਜਾਂ ਪੇਂਡੂ ਹਿੱਸੇ ਵਿੱਚ ਟਰਾਲੀਆਂ ਜਾਂ ਅਜਿਹੇ ਹੀ ਕਿਸੇ ਸਾਧਨ ਰਾਹੀਂ ਬੇਸਹਾਰਾ ਪਸ਼ੂ ਛੱਡਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਮਹਿੰਦਰ ਪਾਲ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਦੀ ਕੜੀ ਤਹਿਤ ਜ਼ਿਲ੍ਹੇ ਅੰਦਰ ਦੋ ਪਹੀਆ ਵਾਹਨ ਚਾਲਕਾਂ ਦੁਆਰਾ ਲਾਜ਼ਮੀ ਤੌਰ ‘ਤੇ ਹੈਲਮਟ ਪਾਏ ਜਾਣ ਸਬੰਧੀ ਜਾਗਰੂਕਤਾ ਮੁਹਿੰਮ ਤੇਜ਼ ਕੀਤੀ ਜਾਵੇ ਅਤੇ ਨਿਯਮ ਤੋੜਨ ਵਾਲਿਆਂ ਦੇ ਚਾਲਾਨ ਕੱਟੇ ਜਾਣ। ਉਨ੍ਹਾਂ ਪ੍ਰੈਸ਼ਰ ਹਾਰਨਾਂ ਦੀ ਰੋਕਥਾਮ ਲਈ ਵੀ ਸਖ਼ਤ ਕਦਮ ਚੁੱਕਣ ਦੇ ਹੁਕਮ ਦਿੱਤੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਪ੍ਰੀਤ ਕੌਰ ਸੰਧੂ, ਐਸ.ਡੀ.ਐਮ ਸ਼ਿਖਾ ਭਗਤ, ਐਸ.ਡੀ.ਐਮ ਸਰਦੂਲਗੜ੍ਹ ਸਰਬਜੀਤ ਕੌਰ, ਡੀ.ਐਸ.ਪੀ ਹੈਡਕੁਆਟਰ ਮਨੋਜ ਗੋਰਸੀ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 
ਕੈਪਸ਼ਨ:
ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਸੜਕ ਦੁਰਘਟਨਾਵਾਂ ਤੋਂ ਬਚਾਅ ਲਈ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।

LEAVE A REPLY

Please enter your comment!
Please enter your name here