ਡਿਪਟੀ ਕਮਿਸ਼ਨਰ ਵੱਲੋਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ

0
17


ਮਾਨਸਾ/ਸਰਦੂਲਗੜ੍ਹ, 29 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ): ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਅੱਜ ਜ਼ਿਲ੍ਹੇ ਦੀਆਂ ਦੋਵੇਂ ਪ੍ਰਮੁੱਖ ਅਨਾਜ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਆਮਦ ਅਤੇ ਖਰੀਦ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ‘ਚ 27 ਸਤੰਬਰ ਤੋ ਹੀ ਝੋਨੇ ਦੀ ਖਰੀਦ ਸਬੰਧੀ ਪ੍ਰਕਿਰਿਆ ਆਰੰਭ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਮਾਨਸਾ ਤੇ ਸਰਦੂਲਗੜ੍ਹ ਦੀਆਂ ਪ੍ਰਮੁੱਖ ਮੰਡੀਆਂ ਵਿੱਚ ਕਰੀਬ 12 ਮੀਟਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਵਰ੍ਹੇ ਜ਼ਿਲ੍ਹਾ ਮਾਨਸਾ ਦੀਆਂ ਮੰਡੀਆ ਵਿੱਚੋਂ ਸਰਕਾਰੀ ਏਜੰਸੀਆਂ ਦੁਆਰਾ 6 ਲੱਖ 10 ਹਜ਼ਾਰ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ।
ਡਿਪਟੀ ਕਮਿਸ਼ਨਰ ਨੇ ਅਨਾਜ ਮੰਡੀ ਸਰਦੂਲਗੜ੍ਹ ਦੇ ਦੌਰੇ ਦੌਰਾਨ ਮੰਡੀ ਵਿਖੇ ਪਿੰਡ ਝੰਡਾ ਖੁਰਦ  ਦੇ ਕਿਸਾਨ ਸ. ਸ਼ਿੰਦਰ ਸਿੰਘ ਦੁਆਰਾ ਲਿਆਂਦੇ ਗਏ ਝੋਨੇ ਦੀ ਪਹਿਲੀ ਢੇਰੀ ਦੀ ਰਸਮੀ ਖਰੀਦ ਆਰੰਭ ਕਰਵਾਈ। ਇਸ ਸਮੇਂ ਉਨ੍ਹਾਂ ਨਾਲ ਸਾਬਕਾ ਵਿਧਾਇਕ ਸ. ਅਜੀਤ ਇੰਦਰ ਸਿੰਘ ਮੋਫ਼ਰ, ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਘਾ ਅਤੇ ਵਾਈਸ ਚੇਅਰਮੈਨ ਸ. ਸੁਰਜੀਤ ਸਿੰਘ ਵਿਰਕ ਵੀ ਮੌਜੂਦ ਸਨ। ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਜਿਵੇਂ ਕਣਕ ਦੇ ਸੀਜ਼ਨ ਵਿੱਚ ਕੋਵਿਡ ਸਬੰਧੀ ਸਮੁੱਚੀਆਂ ਸਿਹਤ ਸਲਾਹਾਂ ਦੀ ਮੰਡੀਆਂ ਵਿੱਚ ਪਾਲਣਾ ਕੀਤੀ ਗਈ ਸੀ ਉਸੇ ਤਰਜ਼ ‘ਤੇ ਜ਼ਿਲ੍ਹੇ ਦੀਆਂ ਸਾਰੀਆਂ ਛੋਟੀਆਂ ਅਤੇ ਵੱਡੀਆਂ ਮੰਡੀਆਂ ਵਿੱਚ ਝੋਨੇ ਦੇ ਖਰੀਦੋ ਫਰੋਖ਼ਤ ਕਾਰਜਾਂ ਵਿੱਚ ਜੁਟੇ ਸਮੂਹ ਵਰਗ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਿਹਤ ਸਲਾਹਾਂ ਦੀ ਪਾਲਣਾ ਕਰਨ। ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਸਰਦੂਲਗੜ੍ਹ ਮੰਡੀ ਵਿਖੇ ਹੁਣ ਤੱਕ ਆਈ 6 ਮੀਟਰਕ ਟਨ ਝੋਨੇ ਦੀ ਖਰੀਦ ਏਜੰਸੀਆਂ ਦੁਆਰਾ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੁੱਚੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਮੁਕੰਮਲ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਪੇਸ਼ ਨਾ ਆਉਣ ਦਿੱਤੀ ਜਾਵੇ।


ਇਸੇ ਦੌਰਾਨ ਸਾਬਕਾ ਵਿਧਾਇਕ ਸ. ਅਜੀਤ ਇੰਦਰ ਸਿੰਘ ਮੋਫ਼ਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਿਸਾਨ ਵੀਰਾਂ ਦੀ ਸੁਵਿਧਾ ਲਈ ਮਿਆਰੀ ਪ੍ਰਬੰਧ ਕੀਤੇ ਗਏ ਹਨ ਅਤੇ ਸਮੁੱਚੀ ਖਰੀਦ ਪ੍ਰਣਾਲੀ ਨੂੰ ਪਾਰਦਰਸ਼ੀ ਢੰਗ ਨਾਲ ਅਤੇ ਸਮੇਂ ਸਿਰ ਨੇਪਰੇ ਚੜ੍ਹਾਇਆ ਜਾਵੇਗਾ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਮਾਰਕੀਟ ਕਮੇਟੀ ਮਾਨਸਾ ਵਿਖੇ ਝੋਨੇ ਦੇ ਖਰੀਦ ਕਾਰਜਾਂ ਨਾਲ ਸਬੰਧਤ ਅਧਿਕਾਰੀਆਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਦੁਆਰਾ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਝੋਨੇ ਦੀ ਆਮਦ, ਖਰੀਦ, ਲਿਫ਼ਟਿੰਗ, ਟਰਾਂਸਪੋਰਟੇਸ਼ਨ ਅਤੇ ਅਦਾਇਗੀ ਸਬੰਧੀ ਰੋਜ਼ਾਨਾ ਦੇ ਆਧਾਰ ‘ਤੇ ਸਮੀਖਿਆ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਵੀ ਅਧਿਕਾਰੀ ਨੂੰ ਮੰਡੀਆਂ ਵਿੱਚ ਕੋਈ ਪਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਤੁਰੰਤ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਪਰੇਸ਼ਾਨੀ ਦਾ ਤੁਰੰਤ ਹੱਲ ਕਰਵਾਇਆ ਜਾ ਸਕੇ। ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਰਜਨੀਸ਼ ਗੋਇਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 117 ਸਥਾਈ ਅਤੇ ਕੋਵਿਡ ਦੇ ਮੱਦੇਨਜ਼ਰ ਸਥਾਪਤ ਕੀਤੀਆਂ ਗਈਆਂ 35 ਆਰਜ਼ੀ ਮੰਡੀਆਂ ਵਿੱਚ ਆਪਣੀ ਜਿਣਸ ਲਿਆਉਣ ਵਾਲੇ ਕਿਸਾਨਾਂ ਸਮੇਤ ਸਮੂਹ ਵਰਗਾਂ ਲਈ ਲੋੜ ਮੁਤਾਬਕ ਸਵੈ ਚਲਿਤ ਹੱਥ ਧੋਣ ਵਾਲੀਆਂ ਮਸ਼ੀਨਾਂ, ਟਰੈਕਟਰ ਟਰਾਲੀਆਂ ਦੇ ਟਾਇਰਾਂ ਦੀ ਸੈਨੇਟਾਈਜੇਸ਼ਨ ਸਮੇਤ ਹੋਰ ਸਿਹਤ ਸਾਵਧਾਨੀਆਂ ਨੂੰ ਅਮਲ ਵਿੱਚ ਲਿਆਉਣ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ।
ਮੀਟਿੰਗ ਦੌਰਾਨ ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਰਜਨੀਸ਼ ਗੋਇਲ, ਡੀ.ਐਫ.ਐਸ.ਸੀ ਸ਼੍ਰੀਮਤੀ ਮਧੂ, ਸਕੱਤਰ ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਿੰਘ, ਡੀ.ਐਮ ਪਨਸਪ ਸ਼੍ਰੀ ਅਮਿਤ ਕੁਮਾਰ, ਮੈਨੇਜਰ ਐਫ.ਸੀ.ਆਈ ਸ਼੍ਰੀ ਭਾਰਤ ਭੂਸ਼ਣ, ਮੈਨੇਜਰ ਵੇਅਰ ਹਾਊਸ ਸ਼੍ਰੀ ਆਦਿਸ਼, ਫੀਲਡ ਮੈਨੇਜਰ ਮਾਰਕਫੈਡ ਸ਼੍ਰੀ ਰੋਹਿਤ ਸਿੰਗਲਾ ਵੀ ਹਾਜ਼ਰ ਸਨ।
ਕੈਪਸ਼ਨ:
ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਸਰਦੂਲਗੜ੍ਹ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਂਦੇ ਹੋਏ। ਉਨ੍ਹਾਂ ਨਾਲ ਸਾਬਕਾ ਵਿਧਾਇਕ ਸ. ਅਜੀਤ ਇੰਦਰ ਸਿੰਘ ਮੋਫ਼ਰ, ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਘਾ ਅਤੇ ਵਾਈਸ ਚੇਅਰਮੈਨ ਸ. ਸੁਰਜੀਤ ਸਿੰਘ ਵਿਰਕ ਵੀ ਹਨ।

LEAVE A REPLY

Please enter your comment!
Please enter your name here