*ਡਿਪਟੀ ਕਮਿਸ਼ਨਰ ਨੇ ਬੁਢਲਾਡਾ ਵਿਖੇ ਜੱਚਾ ਬੱਚਾ ਹਸਪਤਾਲ ਦੀ ਉਸਾਰੀ ਅਧੀਨ ਬਿਲਡਿੰਗ ਦੇ ਕੰਮਾਂ ਦਾ ਲਿਆ ਜਾਇਜ਼ਾ*

0
20

ਮਾਨਸਾ, 01 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸਿਵਲ ਹਸਪਤਾਲ ਬੁਢਲਾਡਾ ਵਿਖੇ ਗਰਭਵਤੀ ਮਹਿਲਾਵਾਂ ਦੀ ਸੁਵਿਧਾ ਲਈ ਬਣ ਰਹੇ ਜੱਚਾ ਬੱਚਾ ਹਸਪਤਾਲ ਦੀ ਬਿਲਡਿੰਗ ਦੇ ਸਮੁੱਚੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੋਂ ਆਏ ਅਧਿਕਾਰੀਆਂ ਨੂੰ ਤੈਅ ਸਮੇਂ ਅੰਦਰ ਬਿਲਡਿੰਗ ਦੇ ਕੰਮ ਨੂੰ ਮੁਕੰਮਲ ਕਰਵਾਉਣ ਲਈ ਕਿਹਾ, ਤਾਂ ਜੋ ਹਸਪਤਾਲ ਅੰਦਰ ਆਉਣ ਵਾਲੀਆਂ ਗਰਭਵਤੀ ਮਹਿਲਾਵਾਂ ਨੂੰ ਹੋਰ ਸੁਖਾਲੇਂ ਢੰਗ ਨਾਲ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ। ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਿਵਲ ਹਸਪਤਾਲ ਬੁਢਲਾਡਾ ਦੀ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਲੈਣ ਲਈ ਮੀਟਿੰਗ ਵੀ ਕੀਤੀ।
ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ 30 ਬੈਡ ਦੀ ਜੱਚਾ ਬੱਚਾ ਬਿਲਡਿੰਗ ਦੇ ਤਿਆਰ ਹੋਣ ਨਾਲ ਬੁਢਲਾਡਾ ਅਤੇ ਨੇੜਲੇ ਪਿੰਡਾਂ ਦੀਆਂ ਗਰਭਪਤੀ ਔਰਤਾਂ ਨੂੰ ਕਾਫੀ ਲਾਭ ਹੋਵੇਗਾ। ਉਨ੍ਹਾਂ ਸਿਵਲ ਹਸਪਤਾਲ ਬੁਢਲਾਡਾ ਦੇ ਵੱਖ-ਵੱਖ ਵਾਰਡਾਂ, ਐਮਰਜੈਂਸੀ, ਦਾ ਦੌਰਾ ਕਰਰਕੇ ਇਥੇ ਉਪਲੱਬਧ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਮਰੀਜ਼ਾਂ ਦਾ ਹਾਲ ਚਾਲ ਵੀ ਪੁੱਛਿਆ। ਉਨ੍ਹਾਂ ਹਸਪਤਾਲ ਪ੍ਰਬੰਧਕਾਂ ਨੂੰ ਸਾਫ਼ ਸਫ਼ਾਈ ਦਾ ਵਿਸੇਸ ਧਿਆਨ ਰੱਖਣ ਦੇ ਆਦੇਸ਼ ਜਾਰੀ ਕੀਤੇ, ਤਾਂ ਜੋ ਗੰਦਗੀ ਕਾਰਣ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਰਿਸ਼ਤੇਦਾਰਾਂ  ਨੂੰ ਕਿਸੇ ਵੀ ਮੁਸ਼ਕਿਲ ਦਾ ਸਾਮ੍ਹਣਾ ਨਾ ਕਰਨਾ ਪਵੇ।


ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਆਰ.ਬੀ.ਐਸ.ਕੇ ਸਕੀਮ ਅਧੀਨ ਸਕੂਲੀ ਬੱਚਿਆ ਦੇ ਹੋਣ ਵਾਲੇ ਇਲਾਜ ਬਾਰੇ ਜਾਣਕਾਰੀ ਲਈ ਅਤੇ ਸਮੇਂ ਸਮੇਂ ਸਕੂਲਾਂ ਅੰਦਰ ਟੀਮਾਂ ਭੇਜ ਕੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਕੂਲੀ ਬੱਚਿਆ ਦੀ ਮੁੱਢਲੀ ਜਾਂਚ ਕਰਵਾਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਹਸਪਤਾਲ ਅੰਦਰ ਤਾਇਨਾਤ ਡਾਕਟਰੀ ਅਤੇ ਪੈਰਾ ਮੈਡੀਕਲ ਸਟਾਫ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਅਤੇ ਸਟਾਫ ਨੂੰ ਹਸਪਤਾਲ ਅੰਦਰ ਆਉਣ ਵਾਲੇ ਮਰੀਜ਼ਾਂ ਪ੍ਰਤੀ ਹਮਦਰਦੀ ਰੱਖ ਕੇ ਇਮਾਨਦਾਰੀ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ. ਬੈਨਿਥ, ਸਟੇਟ ਨੋਡਲ ਅਫਸਰ ਐਮ.ਸੀ.ਐਚ ਡਾ. ਇੰਦਰਪ੍ਰੀਤ ਕੌਰ, ਐਸ.ਐਮ.ਓ ਡਾ. ਗੁਰਚੇਤਨ ਪ੍ਰਕਾਸ਼ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਤਸਵੀਰਾਂ 1,2 ਅਤੇ 3

LEAVE A REPLY

Please enter your comment!
Please enter your name here