ਟੈਸਟ ਕਰਨ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੀ ਸਮਰੱਥਾ ਦੁੱਗਣੀ ਕੀਤੀ : ਡੀ.ਕੇ. ਤਿਵਾੜੀ

0
8

ਚੰਡੀਗੜ੍ਹ, (ਸਾਰਾ ਯਹਾ, ਬਲਜੀਤ ਸ਼ਰਮਾ)28 ਮਾਰਚ : ਦੁਨੀਆਂ ਭਰ ਵਿੱਚ ਚਿੰਤਾ ਦਾ ਵਿਸ਼ਾ ਬਣੇ ਹੋਏ  ਕੋਵਿਡ 19 ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ ਨੇ ਕੋਰੋਨਾ ਦੇ ਸ਼ੱਕੀ ਮਰੀਜਾਂ ਦੇ ਟੈਸਟ ਕਰਨ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੀ ਸਮਰੱਥਾ ਦੁੱਗਣੀ ਕਰ ਦਿੱਤੀ ਹੈ। ਉਕਤ ਜਾਣਕਾਰੀ ਅੱਜ ਇਥੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਦਾ ਬੀਮਾਰੀ ਦੇ ਟਾਕਰੇ ਲਈ ਜੰਗੀ ਪੱਧਰ ਤੇ ਤਿਆਰੀ ਕੀਤੀ ਗਈਆਂ ਹਨ ਜਿਸ ਤਹਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ  ਵਿਖੇ ਬਹੁਤ ਘੱਟ ਸਮੇਂ ਵਿੱਚ ਟੈਸਟ ਕਰਨ ਵਾਲੀਆਂ ਇਕ-ਇਕ ਵਾਧੂ  ਪੀ.ਸੀ.ਆਰ. ਮਸ਼ੀਨ ਲਗਾ ਦਿੱਤੀ ਗਈ ਹੈ ਜਿਸ ਸਦਕਾ ਇਸ ਬੀਮਾਰੀ ਸਬੰਧੀ ਟੈਸਟ ਕਰਨ ਦੀ ਸਮਰੱਥਾ ਦੁੱਗਣੀ ਹੋ ਗਈ ਹੈ। ਇਸ ਤੋਂ ਇਲਾਵਾ ਟੈਸਟ ਕਰਨ ਵਿੱਚ ਸਮਰੱਥ ਸਟਾਫ ਦੀਆਂ ਸ਼ਿਫਟਾਂ ਵੀ ਵਧਾ ਦਿੱਤੀਆ ਗਈਆਂ ਹਨ ਜਿਸ ਨਾਲ ਸ਼ੱਕੀ ਮਰੀਜਾਂ ਦੀਆਂ ਜਾਂਚ ਰਿਪੋਰਟ ਜਲਦ ਆ ਜਾਣਗੀਆਂ ਅਤੇ ਬੀਮਾਰੀ ਦੀ ਪੁਸ਼ਟੀ ਹੋਣ ਦੀ ਸਥਿਤੀ ਵਿਚ ਮਰੀਜ ਦਾ ਇਲਾਜ ਤੁਰੰਤ ਸ਼ੁਰੂ ਹੋ ਸਕੇਗਾ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਆਈ.ਟੀ. ਰੋਪੜ ਤੋਂ ਵੀ ਇਕ  ਬਾਇਉ ਸੇਫਟੀ ਯੰਤਰ ਵੀ ਮੈਡੀਕਲ ਕਾਲਜ ਪਟਿਆਲਾ ਵਿਖੇ ਤਬਦੀਲ ਕਰਵਾ ਦਿੱਤਾ ਗਿਆ ਹੈ ਜਿਸ ਨਾਲ ਟੈਸਟ ਕਰਨ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ।

ਸ੍ਰੀ ਤਿਵਾੜੀ ਨੇ ਦੱਸਿਆ ਕਿ ਮੌਜੂਦਾ ਸਥਿਤੀ ਦੇ ਮੱਦੇਨਜਰ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਹਫਤੇ ਦੇ 7 ਦਿਨ 24 ਘੰਟੇ ਕੰਮ ਕਰ ਰਿਹਾ ਹੈ ਅਤੇ ਇਸ ਤੋਂ ਇਲਾਵਾ ਰੋਜਾਨਾ ਸਥਿਤੀ ਦਾ ਮੁਲਾਂਕਣ ਕਰਨ ਲਈ ਤਿੰਨੇ ਮੈਡੀਕਲ ਕਾਲਜਾਂ ਤੋਂ ਰਿਪੋਰਟ ਲਈ ਜਾ ਰਹੀ ਹੈ ਤਾਂ ਜੋ ਜਰੂਰੀ ਲੋੜੀਂਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾ ਸਕੇ।

ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਮੈਡੀਕਲ ਕਾਲਜ ਵਿਖੇ ਲੋਕਾਂ ਨੂੰ ਇਸ ਬੀਮਾਰੀ ਸਬੰਧੀ ਸਹੀ ਜਾਣਕਾਰੀ ਅਤੇ ਸਲਾਹ ਦੇਣ ਲਈ ਡੈਸਕ ਸਥਾਪਿਤ ਕਰ ਦਿੱਤੇ ਗਏ ਹਨ ਇਸ ਤੋਂ ਇਲਾਵਾ ਪ੍ਰੋਟੋਕੋਲ ਦੇ ਅਨੁਸਾਰ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਲਈ ਵੀ ਸਹਾਇਤਾ ਕਾਊਂਟਰ ਸਥਾਪਿਤ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੋਵਿਡ 19 ਸਬੰਧੀ ਸੰਸਾਰ ਸਿਹਤ ਸੰਗਠਨ ਦੀਆਂ ਨਵੀਂਆਂ ਹਦਾਇਤਾਂ ਅਤੇ ਖੋਜਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਐਪੀਡੀਮੋਲੋਜਿਸਟ ਵਲੋਂ ਰੋਜਾਨਾ ਸਥਿਤੀ ਦਾ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਲੋੜੀਂਦੇ ਸਾਜੋ ਸਾਮਾਨ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।

ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਰਾਜ ਸਰਕਾਰ ਦੇ ਡਾਕਟਰਾਂ ਅਤੇ ਦੁਸਰੇ ਮੈਡੀਕਲ ਅਮਲੇ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਸ਼ਕਿਲ ਸਮੇਂ ਵਿੱਚ ਹੀ ਮਨੁੱਖਤਾ ਦੀ ਸੇਵਾ ਹੀ ਅਸਲ ਸੇਵਾ ਹੈ।  

———–

LEAVE A REPLY

Please enter your comment!
Please enter your name here