
ਬੁਢਲਾਡਾ 29 ਜੂਨ (ਸਾਰਾ ਯਹਾ/ ਅਮਨ ਮਹਿਤਾ): ਪੰਜਾਬ ਅੰਦਰ ਟਿੱਡੀ ਦਲ ਦੇ ਵਧ ਰਹੇ ਹਮਲੇ ਦੀ ਰੋਕਥਾਮ ਲਈ ਹਲਕੇ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਬਲਾਕ ਖੇਤੀਬਾੜੀ ਅਫਸਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਮੈਂਬਰ ਬੀਜੇਪੀ ਰਾਕੇਸ਼ ਜੈਨ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਫਰਮਾਹੀ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਇਆ ਟਿੱਡੀ ਦਲ ਇਸ ਸਮੇਂ ਕਿਸਾਨਾਂ ਦੀ ਸਿਰਦਰਦੀ ਬਣ ਗਿਆ ਹੈ। ਟਿੱਡੀ ਦਲ ਦਾ ਹਮਲਾ ਹੁਣ ਹਰਿਆਣਾ ਦੇ ਕਈ ਜ਼ਿਲ੍ਹੇ ਅੰਦਰ ਬਰਕਰਾਰ ਹੈ ਅਤੇ ਹੁਣ ਇਹ ਪੰਜਾਬ ਅੰਦਰ ਵੀ ਆ ਸਕਦਾ ਹੈ। ਜਿੱਥੇ ਟਿੱਡੀ ਦਲ ਕਿਸਾਨਾਂ ਦੇ ਫ਼ਸਲਾਂ ਨੁਕਸਾਨ ਕਰਦਾ ਹੈ ਉੱਥੇ ਆਮ ਘਰਾਂ ਵਿੱਚ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੇ ਅੰਦਰ ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਦੇਖਦੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਪੰਚਾਇਤਾਂ ਨਾਲ ਤਾਲਮੇਲ ਕਰਕੇ ਟਿੱਡੀ ਦਲ ਤੋਂ ਬਚਾਅ ਦੇ ਤਰੀਕਿਆਂ ਤੋਂ ਜਾਣੂ ਕਰਵਾਇਆ ਜਾਵੇ। ਇਸ ਸਬੰਧੀ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇ ਜਿਸ ਦਾ ਨੰਬਰ ਲੋਕਾਂ ਤੱਕ ਪ੍ਰਚਾਰ ਸਾਧਨਾਂ ਰਾਹੀਂ ਪੁੱਜਦਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਟਿੱਡੀ ਦਲ ਦੇ ਠਹਿਰਣ ਵਾਲੇ ਸੰਭਾਵੀ ਥਾਵਾਂ ਦੀ ਸ਼ਨਾਖਤ ਕਰਕੇ ਉੱਥੇ ਦਵਾਈ ਦਾ ਛਿੜਕਾਅ ਕੀਤਾ ਜਾਵੇ ਅਤੇ ਇਸ ਕੰਮ ਵਿੱਚ ਨਗਰ ਕੌਂਸਲ ਦੀਆਂ ਫਾਇਰ ਟੈਂਡਰ, ਸਹਿਕਾਰੀ ਸਭਾਵਾਂ ਦੇ ਸਪਰੇਅ ਪੰਪਾਂ ਦੀ ਸਹਾਇਤਾ ਲਈ ਜਾ ਸਕਦੀ ਹੈ ਤਾਂ ਜੋ ਪੰਜਾਬ ਵਿੱਚ ਇਸ ਖਤਰੇ ਨੂੰ ਆਉਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੈਸਟੀਸਾਇਡ ਦੁਰਘਟਨਾਵਾਂ ਸਬੰਧੀ ਮੁੱਢਲੀ ਸਹਾਇਤਾ ਦੇਣ ਲਈ ਡਾਕਟਰਾਂ ਦੀ ਟੀਮ ਨਿਯੁਕਤ ਕੀਤੀ ਜਾਵੇ। ਇਸ ਦੀ ਰੋਕਥਾਮ ਮੁਹਿੰਮ ਵਿੱਚ ਸਰਕਾਰ ਦੇ ਨਾਲ ਕਿਸਾਨਾਂ ਦੀ ਸ਼ਮੂਲੀਅਤ ਵੀ ਬਹੁਤ ਜ਼ਰੂਰੀ ਹੈ ਅਤੇ ਵਡਮੁੱਲੀ ਹੈ। ਉਨ੍ਹਾਂ ਕਿਹਾ ਕਿ ਟਿੱਡੀ ਦਲ ਨੂੰ ਫਸਲਾਂ ਤੇ ਬੈਠਣ ਤੋਂ ਰੋਕਿਆ ਜਾਵੇ ਤਾਂ ਜੋ ਫਸਲਾਂ ਦਾ ਨੁਕਸਾਨ ਨਾ ਸਕੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਟਿੱਡੀ ਦਲ ਦੇ ਵਧ ਰਹੇ ਹਮਲੇ ਦੀ ਰੋਕਥਾਮ ਲਈ ਯੋਗ ਕਦਮ ਜਲਦ ਹੀ ਜਲਦ ਚੁੱਕੇ ਜਾਣ। ਇਸ ਮੌਕੇ ਸੁਖਦੇਵ ਸਿੰਘ, ਬਲਵਿੰਦਰ ਸਿੰਘ, ਪੁਨੀਤ ਸਿੰਗਲਾ, ਸੁਖਦਰਸ਼ਨ ਸ਼ਰਮਾ ਮੰਡਲ ਪ੍ਰਧਾਨ, ਅਸ਼ੋਕ ਕੁਮਾਰ ਸਲੂਜਾ, ਰਾਮਦੇਵ ਉਪਾਧਿਆਏ ਆਦਿ ਹਾਜ਼ਰ ਸਨ।Attachments area
