ਮਾਨਸਾ, 04 ਅਕਤੂਬਰ (ਸਾਰਾ ਯਹਾ/ਬਲਜੀਤ ਸ਼ਰਮਾ) : ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਕੱਲ ਦੇ ਸਮੇਂ ਵਿੱਚ ਜਿੱਥੇ ਨੌਜਵਾਨ ਪੜ੍ਹ-ਲਿਖ ਕੇ ਵਿਦੇਸ਼ਾਂ ਵਿੱਚ ਜਾਣ ਦੀ ਚਾਹ ਰੱਖਦੇ ਹਨ, ਉੱਥੇ ਹੀ ਕਈ ਪੜ੍ਹੇ-ਲਿਖੇ ਨੌਜਵਾਨ ਆਪਣੀ ਜੱਦੀ ਜਮੀਨ ਵਿੱਚ ਨਵੇ ਢੰਗਾਂ ਨਾਲ ਖੇਤੀ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਇਹੋ ਜਿਹੀ ਇੱਕ ਉਦਾਹਰਨ ਜ਼ਿਲ੍ਹਾ ਮਾਨਸਾ ਦੇ ਪਿੰਡ ਸੱਦਾ ਸਿੰਘ ਵਾਲਾ ਦੇ ਪੜ੍ਹੇ ਲਿਖੇ ਨੌਜਵਾਨ ਗੁਰਸਿਮਰਨ ਸਿੰਘ ਪੁੱਤਰ ਪਰਦੀਪ ਸਿੰਘ ਦੀ ਹੈ, ਜਿਸ ਨੇ ਸਿਵਲ ਇੰਜੀਨਿਅਰ ਵਿੱਚ ਗਰੈਜੂਏਟ ਪੂਰੀ ਕੀਤੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਨੌਜਵਾਨ ਨੇ ਆਪਣੀ ਜੱਦੀ 20 ਏਕੜ ਜ਼ਮੀਨ ਵਿੱਚੋ 15 ਏਕੜ ‘ਤੇ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਿੰਡ ਲਈ ਇੱਕ ਮਿਸਾਲ ਪੇਸ਼ ਕੀਤੀ ਹੈ, ਇਸ ਤਰ੍ਹਾਂ ਕਰਕੇ ਇਸ ਕਿਸਾਨ ਨੇ ਪਹਿਲਾਂ ਹੀ ਲੱਗਭੱਗ 60,000/- ਰੁਪਏ ਦੀ ਬਚੱਤ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਗੁਰਸਿਮਰਨ ਸਿੰਘ ਲਗਭੱਗ 2013 ਤੋਂ ਲਗਾਤਾਰ ਹੁਣ ਤੱਕ ਪਰਾਲ ਨੂੰ ਬਿਨ੍ਹਾ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਹੈ ਅਤੇ ਪਰਾਲ ਦੀਆਂ ਗੰਢਾਂ ਬਣਾਕੇ ਆਪਣੇ ਨੇੜਲੇ ਪਿੰਡ ਖੋਖਰ ਖੁਰਦ ਵਿਖੇ ਪਰਾਲ ਨਾਲ ਚੱਲਣ ਵਾਲੇ ਤਾਪਘਰ ਵਿੱਚ ਭੇਜ਼ ਰਿਹਾ ਹੈ।ਇਸ ਤੋ ਬਾਅਦ ਜ਼ੋ ਪਰਾਲ ਖੇਤ ਵਿੱਚ ਬੱਚ ਜਾਦਾ ਹੈ ਉਸਨੂੰ ਪਹਿਲਾਂ ਤਵੀਆਂ ਨਾਲ ਵਾਹੁੰਦਾ ਹੈ ਤੇ ਫੇਰ ਖੇਤ ਵਿੱਚ ਪਾਣੀ ਛੱਡਕੇ 10 ਕਿਲੋ ਯੂਰੀਆ ਦਾ ਛਿੱਟਾ ਦੇ ਦਿੰਦਾ ਹੈ ਅਤੇ ਬਾਅਦ ਵਿੱਚ ਰੋਟਾਵੇਟਰ ਫੇਰ ਦਿੰਦਾ ਹੈ ਜਿਸ ਕਾਰਣ ਸਾਰਾ ਪਰਾਲ ਮਿੱਟੀ ਵਿੱਚ ਗਲ ਕੇ ਮਿਕਸ ਹੋ ਜਾਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਅਗਾਂਹਵਧੂ ਕਿਸਾਨ ਪਰਾਲੀ ਦੀ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ ਨਾਲ ਜਿੱਥੇ ਵਾਤਾਵਰਨ ਦੀ ਸੰਭਾਲ ਕਰਦਾ ਹੈ, ਉੱਥੇ ਹੀ ਆਪਣੀ ਸਿਹਤ ਦਾ ਖਿਆਲ ਰੱਖਦਾ ਹੋਇਆ ਸਬਜੀਆਂ ਦੀ ਵੀ ਕਾਸ਼ਤ ਕਰਦਾ ਹੈ।ਉਨਾ੍ਹਂ ਦੱਸਿਆ ਕਿ ਫਸਲਾਂ ਉੱਤੇ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋ ਵੀ ਘੱਟ ਕਰਦਾ ਹੈ ਅਤੇ ਸਮੇਂ-ਸਮੇਂ ‘ਤੇ ਖੇਤੀਬਾੜੀ ਵਿਭਾਗ ਦੀ ਸਲਾਹ ਵੀ ਲੈਂਦਾ ਰਹਿੰਦਾ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪਰਾਲ ਨੂੰ ਬਿਨ੍ਹਾ ਅੱਗ ਲਗਾਏ ਬੀਜੀ ਕਣਕ ਤੋਂ ਲੱਗਭਗ 21.5 ਕੁਇੰਟਲ ਝਾੜ ਪ੍ਰਾਪਤ ਕੀਤਾ ਅਤੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਗੁਰਸਿਮਰਨ ਸਿੰਘ ਵੱਲੋਂ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਪਿੰਡ ਦੇ ਸਾਹਮਣੇ ਇੱਕ ਮਿਸਾਲ ਬਣਨ ਅਤੇ ਨਾਲ ਹੀ ਆਪਣੇ ਪਿੰਡਾਂ ਦੇ ਕਿਸਾਨਾਂ ਨੂੰ ਪਰਾਲ ਨੂੰ ਬਿਨ੍ਹਾ ਅੱਗ ਲਗਾਏ ਕਣਕ ਦੀ ਬਿਜਾਈ ਲਈ ਪ੍ਰੇਰਿਤ ਕਰਨ ਲਈ ਤਿਆਰ ਹੈ।