*ਜੇਲ੍ਹ ਵਿਭਾਗ ਨੇ ਨਵਜੋਤ ਸਿੱਧੂ ਤੇ ਡਰੱਗਜ਼ ਕੇਸ ‘ਚ ਬਰਖਾਸਤ ਇੰਸਪੈਕਟਰ ਨੂੰ ਇੱਕੋ ਬੈਰਕ ’ਚ ਰੱਖਣ ਦੇ ਦਾਅਵਿਆਂ ਨੂੰ ਕੀਤਾ ਸਿਰੇ ਤੋਂ ਖਾਰਜ*

0
51

ਚੰਡੀਗੜ੍ਹ 22,ਮਈ (ਸਾਰਾ ਯਹਾਂ/ਬਿਊਰੋ ਨਿਊਜ਼): ਰੋਡ ਰੇਜ ਮਾਮਲੇ ‘ਚ ਸਜ਼ਾ ਹੋਣ ਮਗਰੋਂ ਪਟਿਆਲਾ ਜੇਲ੍ਹ ‘ਚ ਬੰਦ ਕਾਂਗਰਸੀ ਲੀਡਰ ਨਵਜੋਤ ਸਿੱਧੂ ਦੀ ਸੁਰੱਖਿਆ ‘ਤੇ ਉੱਠੇ ਸਵਾਲਾਂ ਮਗਰੋਂ ਪੰਜਾਬ ਦੇ ਜੇਲ ਵਿਭਾਗ ਨੇ ਜਵਾਬ ਦਿੱਤਾ ਹੈ। ਵਿਭਾਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ ‘ਚ ਜੇਲ੍ਹ ਵਿਭਾਗ ‘ਤੇ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰਾਂ ਦੀ ਕੋਈ ਕੁਤਾਹੀ ਨਹੀਂ ਕੀਤੀ ਗਈ ਤੇ ਵਿਭਾਗ ਵੱਲੋਂ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਕੁਝ ਗ਼ੈਰ-ਪ੍ਰਮਾਣਿਤ ਖਬਰਾਂ ਰਾਹੀਂ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕੁਝ ਸਮੇਂ ਲਈ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਇੱਕ ਬੈਰਕ ਵਿੱਚ ਰੱਖਿਆ ਗਿਆ ਸੀ, ਜਿਸ ਖਿਲਾਫ਼ ਕਈ ਮੁਕੱਦਮੇ ਦਰਜ ਹਨ। ਬੁਲਾਰੇ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਸਾਰੀਆਂ ਖ਼ਬਰਾਂ ਤੇ ਰਿਪੋਰਟਾਂ ਸੱਚ ਤੋਂ ਸੱਖਣੀਆਂ ਤੇ ਬੇਬੁਨਿਆਦ, ਝੂਠੀਆਂ ਤੇ ਅਪਮਾਨਜਨਕ ਹਨ। ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਵੱਖਰੀ ਬੈਰਕ ਵਿੱਚ ਬੰਦ ਹੈ ਤੇ ਜੇਲ੍ਹ ਵਿੱਚ ਦਾਖਲ ਹੋਣ ਤੋਂ ਬਾਅਦ ਉਸ ਨੇ ਕਦੇ ਵੀ ਸਿੱਧੂ ਨਾਲ ਕੋਈ ਵੀ ਬੈਰਕ ਸਾਂਝੀ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਸਿੱਧੂ ਉਸ ਬੈਰਕ ਵਿੱਚ ਬੰਦ ਹਨ, ਜਿੱਥੇ ਕੁਝ ਹੋਰ ਕੈਦੀ ਵੀ ਬੰਦ ਹਨ ਤੇ ਸੁਰੱਖਿਆ ਦੇ ਮੱਦੇਨਜ਼ਰ ਇਨਾਂ ਕੈਦੀਆਂ ਦੇ ਪਿਛੋਕੜ ਦੀ ਚੰਗੀ ਤਰਾਂ ਪੜਤਾਲ ਕਰਨ ਪਿੱਛੋਂ ਹੀ ਸਿੱਧੂ ਨੂੰ ਇਨ੍ਹਾਂ ਨਾਲ ਰੱਖਿਆ ਗਿਆ ਹੈ।

ਦੱਸ ਦਈਏ ਕਿ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ‘ਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ, ਜਿਸ ਤੋਂ ਬਾਅਦ ਸਿੱਧੂ ਨੇ ਸ਼ੁੱਕਰਵਾਰ ਨੂੰ ਪਟਿਆਲਾ ਕੋਰਟ ‘ਚ ਆਤਮ ਸਮਰਪਣ ਕਰ ਦਿੱਤਾ। ਸਿੱਧੂ ਦੀ 1988 ਵਿੱਚ ਪਟਿਆਲਾ ਵਿੱਚ ਬਜ਼ੁਰਗ ਗੁਰਨਾਮ ਸਿੰਘ ਨਾਲ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸਿੱਧੂ ਨੂੰ ਸਿਰਫ਼ ਇੱਕ ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਪੀੜਤ ਪਰਿਵਾਰ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਹੁਣ ਉਨ੍ਹਾਂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ।

LEAVE A REPLY

Please enter your comment!
Please enter your name here