
ਮਾਨਸਾ, 15 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀਮਤੀ ਮਨਦੀਪ ਪੰਨੂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸ) ਮਾਨਸਾ ਦੇ ਸਹਿਯੋਗ ਨਾਲ 31 ਜੁਲਾਈ ਤੱਕ ਜਿਲ੍ਹੇ ਦੇ 72 ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਵਾਲੇ 72 ਵੈਬਿਨਾਰਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਵੈਬਿਨਾਰਾਂ ਦੀ ਸੂਚੀ ਜਾਰੀ ਕਰਦਿਆਂ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਕਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਨਾ ਤਾਂ ਆਹਮੋ-ਸਾਹਮਣੇ ਹੋ ਕੇ ਸੰਪਰਕ ਸੰਭਵ ਹੈ ਅਤੇ ਨਾ ਹੀ ਇੱਕਠ ਕਰਨਾ ਸੰਭਵ ਹੈ, ਤਾਂ ਇੰਟਰਨੈਂਟ ਰਾਹੀ ਚੱਲਣ ਵਾਲੀ ਐਪ ‘ਜੂਮ’ ਦੇ ਜਰੀਏ ਵਿਦਿਆਰਥੀਆਂ ਨਾਲ ਸੰਪਰਕ ਬਣਾਉਣਾ ਜਰੂਰੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਕਾਨੂੰਨੀ ਜਾਗਰੂਕਤਾ ਪੈਦਾ ਕਰਨ ਹਿੱਤ ਪਹਿਲੇ ਗੇੜ ਵਿੱਚ ਜ਼ਿਲ੍ਹੇ ਦੇ 72 ਸੈਕੰਡਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ, ਜੋ 31 ਜੁਲਾਈ ਤੱਕ 2-2 ਸਕੂਲਾਂ ਦਾ ਗਰੁੱਪ ਬਣਾ ਕੇ ਜੂਮ ਐਪ ਰਾਹੀਂ ਹੋਣ ਵਾਲੇ 36 ਵੈਬਿਨਾਰਾਂ ਦਾ ਹਿੱਸਾ ਬਣਨਗੇ। ਉਨ੍ਹਾਂ ਦੱਸਿਆ ਕਿ 17 ਜੂਨ ਤੋਂ ਸ਼ੁਰੂ ਹੋ ਕੇ 31 ਜੁਲਾਈ ਤੱਕ ਚੱਲਣ ਵਾਲੇ ਇਹਨਾਂ ਵੈਬਿਨਾਰਾਂ ਨੂੰ ਸੰਬੋਧਨ ਕਰਨ ਦੀ ਜਿਮੇਵਾਰੀ ਅਥਾਰਟੀ ਵੱਲੋ ਨਾਮਜਦ ਨੋਡਲ ਅਫਸਰ ਐਡਵੋਕੇਟ ਬਲਵੰਤ ਭਾਟੀਆਂ ਨੂੰ ਦਿੱਤੀ ਗਈ ਹੈ। ਸੀ.ਜੇ.ਐਮ. ਸ਼੍ਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਸ਼੍ਰੀ ਭਾਟੀਆ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਮੁੱਖ ਤੌਰ ‘ਤੇ ਔਰਤਾਂ ਉੱਪਰ ਘਰੇਲੂ ਹਿੰਸਾਂ ਦੀ ਰੋਕਥਾਮ, ਬੱਚਿਆਂ ਦੀ ਜਿਨਸੀ ਸ਼ੋਸ਼ਣ ਤੋਂ ਰੋਕਥਾਮ, ਕੁਦਰਤੀ ਆਫਤਾਂ ਦੇ ਮਾਰੇ ਲੋਕਾਂ ਲਈ ਮੁਫਤ ਕਾਨੂੰਨੀ ਸਹਾਇਤਾ, ਕਰੋਨਾਂ ਤੋਂ ਬਚਾਅ ਲਈ ਜਾਗਰੂਕਤਾ ਆਦਿ ਵਿਸ਼ਿਆਂ ਉੱਪਰ ਆਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਅਥਾਰਟੀ ਦੇ ਦਫਤਰ ਸਹਾਇਕ ਸ਼੍ਰੀ ਸੰਜੀਵ ਕੁਮਾਰ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
