*ਜਿਲ੍ਹੇ ਦੇ ਪਿੰਡਾਂ ਵਿੱਚ ਜਥੇਬੰਦੀ ਵੱਲੋਂ ਲੋਕਾਂ ਨੂੰ ਲਾਮਬੰਦ ਕਰਨ ਲਈ ਮੁਹਿੰਮ ਚਲਾਈ*

0
51

ਮਾਨਸਾ 29 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 6 ਸਤੰਬਰ ਨੂੰ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਲਗਾਤਾਰ ਜਾਰੀ ਹਨ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੂਰੇ ਜਿਲ੍ਹੇ ਦੇ ਪਿੰਡਾਂ ਵਿੱਚ ਜਥੇਬੰਦੀ ਵੱਲੋਂ ਲੋਕਾਂ ਨੂੰ ਲਾਮਬੰਦ ਕਰਨ ਲਈ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਪ੍ਰਚਾਰ
ਕਰਨ ਲਈ 7 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਲਗਾਤਾਰ ਪਿੰਡਾਂ ਵਿੱਚ ਰੈਲੀਆਂ, ਮੀਟਿੰਗਾਂ ਕਰ ਰਹੀਆਂ ਹਨ। ਲੋਕਾਂ ਵੱਲੋਂ ਜੋਰਦਾਰ ਸਮਰਥਨ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਪਿੰਡ ਤਾਮਕੋਟ, ਖੋਖਰ ਖੁਰਦ, ਖੋਖਰ ਕਲਾਂ, ਬੁਰਜ ਹਰੀ, ਨੰਗਲ ਕਲਾਂ, ਨੰਗਲ ਖੁਰਦ, ਬਰਨਾਲਾ, ਕੋਰਵਾਲਾ, ਸਾਹਨੇਵਾਲੀ ਸਮੇਤ ਹੁਣ ਤੱਕ 60 ਪਿੰਡਾਂ ਵਿੱਚ ਰੈਲੀਆਂ ਮੀਟਿੰਗਾਂ ਅਤੇ ਢੋਲ ਮਾਰਚ ਕੀਤੇ ਜਾ ਚੁੱਕੇ ਹਨ। ਇਹ ਮੁਹਿੰਮ 4 ਸਤੰਬਰ ਤੱਕ ਜਾਰੀ ਰੱਖ ਕੇ ਜਿਲ੍ਹੇ ਦੇ ਬਾਕੀ ਪਿੰਡਾਂ ਵਿੱਚ ਰੈਲੀਆਂ, ਮੀਟਿੰਗਾਂ ਕਰਨ ਦਾ ਸਿਲਸਿਲਾ ਜਾਰੀ ਰਹੇਗਾ। ਕਿਸਾਨ ਆਗੂ ਨੇ ਦੱਸਿਆ ਕਿ ਪਿੰਡਾਂ ਵਿੱਚ ਰੈਲੀਆਂ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਪਿੰਡਾਂ ਵਿੱਚ ਵੱਡੀ ਪੱਧਰ ਤੇ ਨੌਜਵਾਨ ਚਿੱਟਾ ਪੀਣ ਦੇ ਆਦੀ ਹੋ ਚੁੱਕੇ ਹਨ ਜੋ ਤੱਥ ਝੰਜੋੜ ਕੇ ਰੱਖ ਦੇਣ ਵਾਲੇ ਹਨ। ਕੋਈ ਪਿੰਡ ਅਜਿਹਾ ਨਹੀਂ ਬਚਿਆ ਜਿੱਥੇ ਚਿੱਟੇ ਵਰਗੇ ਨਸ਼ੇ ਦਾ ਕਹਿਰ ਨਾ ਹੋਵੇ। ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਚਿੱਟੇ ਤੋਂ ਬਚਾਉਣ ਲਈ ਫਿਕਰਮੰਦ ਹੈ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਭਗਵੰਤ ਮਾਨ ਸਰਕਾਰ ਵੀ ਮਾਰੂ ਨਸ਼ਿਆਂ ਨੂੰ ਰੋਕਣ ਵਿੱਚ ਫੇਲ੍ਹ ਸਾਬਤ ਹੋਈ। ਕਿਉਂਕਿ ਸਰਕਾਰਾਂ ਅਤੇ ਕੰਪਨੀਆਂ ਨਹੀਂ ਚਾਹੁੰਦੀਆਂ ਕਿ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿੱਚੋਂ ਬਾਹਰ ਆਉਣ। ਕਿਉਂ ਕਿ ਜਿਸ ਤਰ੍ਹਾਂ ਸਰਕਾਰੀ ਮਹਿਕਮਿਆਂ ਦਾ ਨਿੱਜੀਕਰਨ ਹੋ ਰਿਹਾ ਹੈ, ਕਿਸਾਨਾਂ ਕੋਲੋਂ ਜਮੀਨਾਂ ਖੋਹ ਕੇ ਵੱਡੇ ਫਾਰਮ ਬਣਾਉਣ ਦੀ ਤਿਆਰ ਹੋ ਰਹੀ ਹੈ। ਅਜਿਹਾ ਹੋਣ ਨਾਲ ਬੇਰੁਜਗਾਰੀ ਹੋਰ ਵਧੇਗੀ ਜਦੋਂ ਕਿ ਪੜ੍ਹੇ ਲਿਖੇ ਮੁੰਡੇ ਕੁੜੀਆਂ ਦੀ ਵੱਡੀ ਗਿਣਤੀ ਪਹਿਲਾਂ ਹੀ ਬੇਰੁਜਗਾਰ ਹੈ। ਸਰਕਾਰਾਂ ਨੂੰ ਪਤਾ ਹੈ ਕਿ ਸਰਕਾਰਾਂ ਦੇ ਅਜਿਹੇ ਫੈਸਲਿਆਂ ਖਿਲਾਫ ਨੌਜਵਾਨ ਕਿਸਾਨ-ਮਜਦੂਰ ਸੰਘਰਸ਼ ਦੇ ਮੈਦਾਨਾਂ ਵਿੱਚ ਆਉਣਗੇ ਜਿੰਨਾਂ ਵਿੱਚ ਨੌਜਵਾਨਾਂ ਦਾ ਮੋਹਰੀ ਰੋਲ ਹੋਵੇਗਾ। ਨੌਜਵਾਨਾਂ ਨੂੰ ਸੰਘਰਸ਼ ਤੋਂ ਪਰ੍ਹੇ ਰੱਖਣ ਲਈ ਚਿੱਟੇ ਵਰਗੇ ਨਸ਼ਿਆਂ ਦੇ ਦਰਿਆ ਵਿੱਚ ਡੋਬ ਕੇ ਮਾਰਿਆ ਜਾ ਰਿਹਾ ਹੈ। ਕਿਸਾਨ ਆਗੂ ਨੇ ਨੌਜਵਾਨਾਂ, ਕਿਸਾਨਾਂ, ਮਜਦੂਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ 6 ਸਤੰਬਰ ਨੂੰ ਨਸ਼ਿਆਂ ਖਿਲਾਫ ਡੀ.ਸੀ. ਦਫਤਰ ਮੂਹਰੇ ਲੱਗਣ ਵਾਲੇ ਧਰਨੇ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ।

LEAVE A REPLY

Please enter your comment!
Please enter your name here