
ਚੰਡੀਗੜ੍ਹ 31,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਦੌੜ ਸੀਟ ਤੋਂ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਚੰਨੀ ਚਮੌਕਰ ਸਾਹਿਬ ਤੋਂ ਇਲਾਵਾ ਭਦੌੜ ਤੋਂ ਵੀ ਚੋਣ ਲੜਨਗੇ। ਚੰਨੀ ਦੇ ਦੋ ਸੀਟਾਂ ਤੋਂ ਚੋਣ ਲੜਨ ਦੀ ਤਸਵੀਰ ਐਤਵਾਰ ਨੂੰ ਕਾਂਗਰਸ ਵੱਲੋਂ ਆਪਣੇ ਬਾਕੀ ਰਹਿੰਦੇ 8 ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਸਾਫ ਹੋਈ ਸੀ।
ਚੰਨੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ ਤਸਵੀਰ ਸਾਂਝਾ ਕੀਤੀ ਤੇ ਲਿਖਿਆ, “ਪੰਜਾਬ ਵਿਧਾਨ ਸਭਾ ਚੋਣਾਂ ਲਈ ਭਦੌੜ ਹਲਕੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮੈਂ ਹਲਕੇ ਦੇ ਲੋਕਾਂ ਦੇ ਸਹਿਯੋਗ ਤੇ ਅਸ਼ੀਰਵਾਦ ਦੀ ਮੰਗ ਕਰਦਾ ਹਾਂ। ਆਓ ਭਦੌੜ ਦੀ ਕਾਇਆ ਕਲਪ ਲਈ ਰਲ ਕੇ ਕੰਮ ਕਰੀਏ।”
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਾਂਗਰਸ ਪਾਰਟੀ ਨੇ ਬੀਤੇ ਕੱਲ੍ਹ ਬਾਕੀ ਰਹਿੰਦੇ 8 ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕੀਤੀ ਸੀ। ਇਸ ਤੋਂ ਪਹਿਲਾਂ ਕਾਂਗਰਸ ਨੇ 109 ਉਮੀਦਵਾਰਾਂ ਦੀਆਂ ਸੀਟਾਂ ਦਾ ਐਲਾਨ ਕੀਤਾ ਸੀ। ਸਾਰੀਆਂ ਪਾਰਟੀਆਂ ਨੇ ਲਗਪਗ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰ ਦਿੱਤੇ ਹਨ। ਪਾਰਟੀਆਂ ਚੋਣ ਪ੍ਰਚਾਰ ਵੀ ਜ਼ੋਰਾਂ ਦੇ ਨਾਲ ਚੱਲ ਰਿਹਾ ਹੈ।
ਸੁਖਬੀਰ ਬਾਦਲ ਨੇ ਚੰਨੀ ਦੇ ਭਦੌੜ ਤੋਂ ਚੋਣ ਲੜਨ ਬਾਰੇ ਕਿਹਾ, “ਚੰਨੀ ਚਮਕੌਰ ਸਾਹਿਬ ਤੋਂ ਡਰ ਗਿਆ ਸੀ ਕਿਉਂਕਿ ਉਥੇ ਰੇਤਾ ਦਾ ਵੱਡਾ ਸਕੈਂਡਲ ਫੜਿਆ ਗਿਆ ਸੀ।”
ਉਧਰ ਕੇਜਰੀਵਾਲ ਨੇ ਭਦੌੜ ਤੋਂ ਚੰਨੀ ਦੇ ਚੋਣ ਲੜਨ ਉਤੇ ਤਨਜ਼ ਕੱਸਿਆ। ਕੇਜਰੀਵਾਲ ਨੇ ਟਵਿਟ ਕਰਕੇ ਦਾਅਵਾ ਕੀਤਾ ਕਿ ਉਨਾਂ ਦਾ ਸਰਵੇ ਸੱਚ ਸਾਬਤ ਹੋਇਆ ਕਿ ਚੰਨੀ ਚਮਕੌਰ ਸਾਹਿਬ ਤੋਂ ਚੋਣ ਹਾਰ ਰਹੇ ਨੇ।
ਮੁੱਖ ਮੰਤਰੀ ਚੰਨੀ ਨੂੰ ਦੋ ਸੀਟਾਂ ਤੋਂ ਚੋਣ ਮੈਦਾਨ ‘ਚ ਉਤਾਰਨ ਪਿੱਛੇ ਹਾਈਕਾਮਨ ਦਾ ਕੀ ਮਕਸਦ ਹੈ ਇਹ ਤਾਂ ਅਜੇ ਸਾਫ ਨਹੀਂ, ਪਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕਿਸੇ ਵੀ ਉਮੀਦਾਵਰ ਦੇ ਦੋ ਥਾਂ ਤੋ ਚੋਣ ਲੜਨ ਉਤੇ ਸਵਾਲ ਖੜ੍ਹੇ ਕਰਦੇ ਰਹੇ ਹਨ।
ਖੈਰ ਮੁੱਖ ਮੰਤਰੀ ਚੰਨੀ ਨੂੰ ਦੋ ਸੀਟਾਂ ਤੋਂ ਚੌਣ ਮਾਦਨ ‘ਚ ਉਤਾਰਨ ਪਿਛੇ ਦੋ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ।ਇੱਕ ਤਾਂ ਇਹ ਕਿ ਹਾਈਕਾਮਨ ਚੰਨੀ ਨੂੰ ਹੀ ਮੁੱਖ ਮੰਤਰੀ ਚਿਹਰਾ ਐਲਾਨਣ ਦੇ ਮੂਡ ‘ਚ ਹੋ ਸਕਦੀ ਹੈ। ਦੂਜਾ ਕਾਰਨ ਜੋ ਵਿਰੋਧੀਆਂ ਸਮੇਤ ਖੁੱਦ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੱਸ ਰਹੇ ਹਨ, ਯਾਨੀ ਚਮੌਕਰ ਸਾਹਿਬ ਤੋਂ ਮਾਮਲਾ ਗੜਬੜ ਹੋ ਸਕਦਾ ਹੈ।
