*ਗੰਦਗੀ ਤੋਂ ਆਜ਼ਾਦੀ’ ਦੇ ਨਾਅਰੇ ਨਾਲ ਸਫ਼ਾਈ ਮੁਹਿੰਮ ਦਾ ਆਗਾਜ਼.! ਏ.ਡੀ.ਸੀ ਉਪਕਾਰ ਸਿੰਘ ਨੇ ਖੁਦ ਕੂੜਾ ਚੁੱਕ ਕੇ ਕੀਤੀ ਮੁਹਿੰਮ ਦੀ ਸ਼ੁਰੂਆਤ*

0
40


ਮਾਨਸਾ, 1 ਅਗਸਤ (ਸਾਰਾ ਯਹਾਂ /ਬੀਰਬਲ ਧਾਲੀਵਾਲ)ਮਾਨਸਾ ਸ਼ਹਿਰ ਦੀ ਦਿੱਖ ਨੂੰ ਖੂਬਸੂਰਤ ਬਣਾਉਣ ਦੀ ਮੁਹਿੰਮ ਅੱਜ ਤੋਂ ਨਵੇਂ ਸਿਰਿਓਂ ਆਰੰਭ ਕਰ ਦਿੱਤੀ ਗਈ ਹੈ। ਬਰਸਾਤਾਂ ਦੇ ਸੀਜ਼ਨ ਦੇ ਚਲਦਿਆਂ ਲੋਕਾਂ ਨੂੰ ਗੰਦਗੀ ਕਾਰਨ ਫੈਲਣ ਵਾਲੀਆਂ ਸੰਭਾਵਿਤ ਬਿਮਾਰੀਆਂ ਤੋਂ ਮੁਕਤ ਰੱਖਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਐਤਵਾਰ ਤੋਂ ‘ਗੰਦਗੀ ਤੋਂ ਆਜ਼ਾਦੀ’ ਨਾਂ ਦੀ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਦੀ ਅਗਵਾਈ ਖੁਦ ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ ਨੇ ਕਰਦਿਆਂ ਸ਼ਹਿਰ ਦੇ 3 ਨੰਬਰ ਵਾਰਡ ਵਿੱਚ ਗਲੀਆਂ ਅਤੇ ਖਾਲੀ ਪਏ ਪਲਾਟਾਂ ਵਿੱਚ ਖਿਲਰੇ ਕੂੜਾ ਕਰਕਟ ਨੂੰ ਹੱਥੀਂ ਚੁੱਕ ਕੇ ਇਕੱਤਰ ਕੀਤਾ ਅਤੇ ਵਾਰਡ ਨਿਵਾਸੀਆਂ ਨੂੰ ਲਗਾਤਾਰ ਸਾਫ਼ ਸਫ਼ਾਈ ਲਈ ਪ੍ਰੇਰਿਤ ਕੀਤਾ।
ਮਾਨਸਾ ਦੀ 3ਡੀ ਸੁਸਾਇਟੀ ਤੇ ਨਗਰ ਕੌਂਸਲ ਦੇ ਸਾਂਝੇ ਉਪਰਾਲੇ ਸਦਕਾ ਆਰੰਭ ਹੋਈ ਮੁਹਿੰਮ ਵਿੱਚ ਲੋਕਾਂ ਨੂੰ ਵਧ ਚੜ੍ਹ ਕੇ ਅੱਗੇ ਆਉਣ ਦੀ ਅਪੀਲ ਕਰਦਿਆਂ ਏ.ਡੀ.ਸੀ ਸ਼੍ਰੀ ਉਪਕਾਰ ਸਿੰਘ ਨੇ ਦੱਸਿਆ ਕਿ ਜਿਵੇਂ ਜ਼ਿੰਦਗੀ ਵਿੱਚ ਆਪਣੇ ਸਰੀਰ ਦੀ ਸਫ਼ਾਈ ਬੇਹੱਦ ਜ਼ਰੂਰੀ ਹੈ ਠੀਕ ਉਸੇ ਤਰ੍ਹਾਂ ਆਪਣਾ ਆਲਾ ਦੁਆਲਾ ਗੰਦਗੀ ਮੁਕਤ ਰੱਖਣਾ ਵੀ ਹਰੇਕ ਨਾਗਰਿਕ ਦਾ ਨੈਤਿਕ ਫਰਜ਼ ਹੈ ਜਿਸ ਨੂੰ ਸਹੀ ਢੰਗ ਨਾਲ ਨਿਭਾਏ ਜਾਣ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹਰ ਐਤਵਾਰ ‘ਗੰਦਗੀ ਤੋਂ ਆਜ਼ਾਦੀ’ ਸਿਰਲੇਖ ਹੇਠ ਅਜਿਹੀ ਵਿਸ਼ੇਸ਼ ਮੁਹਿੰਮ ਚਲਾ ਕੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਵਾਰਡ ਕੌਂਸਲਰਾਂ  ਤੇ ਹੋਰ ਪਤਵੰਤਿਆਂ ਨੂੰ ਹੱਥੀਂ ਸਫਾਈ ਕਰਨ ਲਈ ਪ੍ਰੇਰਿਆ ਜਾਵੇਗਾ ਤਾਂ ਜੋ ਗੰਦਗੀ ’ਤੇ ਕਾਬੂ ਪਾਇਆ ਜਾ ਸਕੇ।


ਸ. ਉਪਕਾਰ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ‘ਸਵੱਛਤਾ ਸੰਕਲਪ ਦੇਸ਼ ਕਾ ਹਰ ਰਵੀਵਾਰ ਵਿਸ਼ੇਸ਼ ਸਾ’ ਦੇ ਨਾਅਰੇ ਹੇਠ ਲੜੀਵਾਰ ਸਫ਼ਾਈ ਅਭਿਆਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਤਹਿਤ ਬਜ਼ਾਰਾਂ ਅਤੇ ਘਰਾਂ ਵਿੱਚ ਫੈਲੇ ਨੁਕਸਾਨਦਾਇਕ ਕੂੜਾ ਕਰਕਟ, ਪਲਾਸਟਿਕ ਕਚਰੇ, ਜਨਤਕ ਸਥਾਨਾਂ ’ਤੇ ਥੁੱਕਣ ਆਦਿ ਦੀ ਰੋਕਥਾਮ ਲਈ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਉਥੇ ਹੀ ਪ੍ਰਸ਼ਾਸਨ ਵੱਲੋਂ ਜਨਤਾ ਦੇ ਸਹਿਯੋਗ ਨਾਲ ਵਿਸ਼ੇਸ਼ ਸਫ਼ਾਈ ਅਭਿਆਨ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਗ੍ਹਾ ਜਗ੍ਹਾ ’ਤੇ ਕੂੜਾ ਨਾ ਸੁੱਟਿਆ ਜਾਵੇ ਅਤੇ ਨਗਰ ਕੌਂਸਲ ਵੱਲੋਂ ਕੂੜਾ ਇਕੱਤਰ ਕਰਨ ਲਈ ਲਗਾਏ ਵਾਹਨਾਂ ਵਿੱਚ ਹੀ ਕੂੜਾ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਮਾਨਸਾ ਨੂੰ ਸਾਫ਼ ਸਫ਼ਾਈ ਪੱਖੋਂ ਮੋਹਰੀ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਹਰੇਕ ਨਿਵਾਸੀ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਟੈਕਨੀਕਲ ਐਡਵਾਇਜ਼ਰ ਐਂਡ ਨੋਡਲ ਅਫ਼ਸਰ 3ਡੀ ਸੋਸਾਇਟੀ ਆਦਿਤਯ ਮਦਾਨ, ਪ੍ਰਧਾਨ ਨਗਰ ਕੌਂਸਲ ਮਾਨਸਾ ਜਸਵੀਰ ਕੌਰ, ਉਪ ਪ੍ਰਧਾਨ ਪਵਨ ਕੁਮਾਰ, ਕਾਰਜ ਸਾਧਕ ਅਫ਼ਸਰ ਮਾਨਸਾ ਸ਼੍ਰੀ ਰਵੀ ਜਿੰਦਲ, ਰਿੰਪਲ ਰਾਣੀ, ਕੁਲਵਿੰਦਰ ਕੌਰ ਮਹਿਤਾ, ਅਮਨਦੀਪ ਸਿੰਘ ਢੁੰਡਾ, ਰੇਖਾ ਰਾਣੀ, ਕੰਚਨ ਸੇਠੀ, ਸਿਮਰਨਜੀਤ ਕੌਰ, ਅਜੇ ਕੁਮਾਰ ਪਰੋਚਾ, ਕਮਲੇਸ਼ ਰਾਣੀ, ਆਯੂਸ਼ੀ ਸ਼ਰਮਾ, ਰਾਣੀ ਕੌਰ, ਸੰਦੀਪ ਮਹੰਤ (ਸਾਰੇ ਕੌਂਸਲਰ) ਅਤੇ ਸਕੱਤਰ 3 ਡੀ ਸੋਸਾਇਟੀ ਸ਼੍ਰੀ ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੋਹਤਵਰ ਵਿਅਕਤੀ ਮੌਜੂਦ ਸਨ।

LEAVE A REPLY

Please enter your comment!
Please enter your name here