
ਸਰਦੂਲਗੜ੍ਹ 28 ਜੂਨ (ਸਾਰਾ ਯਹਾਂ/ ਬਲਜੀਤ ਪਾਲ): ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਦੀ ਵਿਦਿਆਰਥਣ ਭਵਿੱਖਦੀਪ ਕੌਰ ਪੁੱਤਰੀ ਇਕਬਾਲ ਸਿੰਘ ਨੇ 500 ਅੰਕਾਂ ਵਿੱਚੋਂ 495 ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਦੀ ਮੈਰਿਟ ਲਿਸਟ ਵਿੱਚ ਚੌਦਵਾਂ ਰੈਂਕ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਪੂਰੇ ਪੰਜਾਬ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਭਵਿੱਖਦੀਪ ਕੌਰ ਨੇ ਜਿਥੇ ਮਾਨਸਾ ਜ਼ਿਲੇ ਦੇ ਮੱਥੇ ਤੋਂ ਪਛੜੇ ਹੋਣ ਦਾ ਕਲੰਕ ਲਾਹਿਆ ਹੈ ਉੱਥੇ ਹੀ ਪੂਰੇ ਪੰਜਾਬ ਵਿੱਚ ਮਾਨਸਾ ਦਾ ਨਾਮ ਰੌਸ਼ਨ ਕੀਤਾ ਹੈ । ਭਵਿੱਖਦੀਪ ਕੌਰ ਦੀ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੰਦਿਆਂ ਗੁਰੂ ਹਰਗੋਬਿੰਦ ਪਬਲਿਕ ਸਕੂਲ ਜੌੜਕੀਆਂ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਜੌੜਕੀਆਂ ਨੇ ਕਿਹਾ ਕਿ ਉਪਰੋਕਤ ਬੱਚੀ ਨੇ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਆਪਣੀ ਮਿਹਨਤ ਦੇ ਸਦਕਾ ਜਿੱਥੇ ਇਹ ਸਿੱਧ ਕੀਤਾ ਹੈ ਕਿ ਲੜਕੀਆਂ ਕਿਸੇ ਵੀ ਪੱਖੋਂ ਲੜਕਿਆਂ ਨਾਲੋਂ ਪਿੱਛੇ ਨਹੀਂ ਹਨ ਉੱਥੇ ਹੀ ਪੂਰੇ ਜ਼ਿਲ੍ਹੇ ਦੇ ਨਾਲ ਨਾਲ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ।
