
ਅੰਮ੍ਰਿਤਸਰ 13 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਤੇ ਹਰਿਆਣਾ ‘ਚ ਖੇਤੀ ਕਨੂੰਨਾਂ ਨੂੰ ਲੈ ਕੇ ਭਰਮ ਫੈਲਾਇਆ ਜਾ ਰਿਹਾ ਹੈ, ਇਸ ਪਿੱਛੇ ਵੱਡੀ ਸਾਜਿਸ਼ ਹੈ। ਇਹ ਦਾਅਵਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਪੁਰੀ ਨੇ ਕੀਤਾ ਹੈ। ਹਰਦੀਪ ਪੁਰੀ ਨੇ ਕਿਹਾ ਕਿ ਬਾਕੀ ਸੂਬਿਆਂ ‘ਚ ਵੀ ਇਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਬਿੱਲ ਦੀ ਮੰਗ ਖੁਦ ਕਾਂਗਰਸ ਨੇ ਕੀਤੀ ਸੀ। ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਸ ਬਿੱਲ ਦੀ ਗੱਲ ਕੀਤੀ ਗਈ ਸੀ। ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿਸਾਨਾਂ ਦੇ ਹੱਕ ‘ਚ ਕੁਝ ਚੰਗੇ ਫੈਸਲੇ ਲਏ ਜਾਣ।
ਪੁਰੀ ਦਾ ਕਹਿਣਾ ਸੀ ਕਿ ਕਾਂਗਰਸ ਦਾ ਮੈਨੀਫੈਸਟੋ ਦੇਖਿਆ ਜਾਵੇ ਤੇ ਉਨ੍ਹਾਂ ਦੇ ਬਿਆਨ ਦੇਖੇ ਜਾਣ, ਦੋਹਾਂ ‘ਚ ਬਹੁਤ ਫਰਕ ਹੈ। ਜੇਕਰ ਕਾਂਗਰਸ ਨੇ ਇਸ ਬਿੱਲ ਦਾ ਵਿਰੋਧ ਹੀ ਕਰਨਾ ਸੀ ਤਾਂ ਰਾਜ ਸਭਾ ‘ਚ ਕਰਦੀ। ਹਰਦੀਪ ਪੁਰੀ ਨੇ ਕਿਹਾ ਕਿ ਬਿੱਲ ‘ਤੇ ਕਿਤੇ ਵੀ ਅਡਾਨੀ-ਅੰਬਾਨੀ ਦਾ ਨਾਂ ਨਹੀਂ ਲਿਖਿਆ। ਲੋਕਾਂ ‘ਚ ਭਰਮ ਫੈਲਾਇਆ ਜਾ ਰਿਹਾ ਹੈ। ਮੋਦੀ ਜੀ ਨੇ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇ। ਕੇਂਦਰ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ ਕਿ ਐਮਐਸਪੀ ਨਹੀਂ ਹਟਾਈ ਜਾਵੇਗੀ ਤੇ ਮੰਡੀਆਂ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੀਆਂ। ਜਮੀਨਾਂ ਨੂੰ ਬਿਲਕੁਲ ਵੀ ਨਹੀਂ ਛੇੜਿਆ ਜਾਵੇਗਾ।
ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਗੱਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਵਿਰੋਧ ਕਰਨ ਦਾ ਸਭ ਨੂੰ ਹੱਕ ਹੈ, ਪਰ ਉਹ ਲੋਕਤੰਤਰਿਕ ਢੰਗ ਨਾਲ ਹੋਵੇ। ਕਿਸਾਨ ਟਰੈਕਟਰ ਨਹੀਂ ਸਾੜ ਸਕਦੇ, ਹਿੰਸਾ ਨਹੀਂ ਕਰ ਸਕਦੇ। ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਭਾਜਪਾ ਦਫਤਰਾਂ ‘ਤੇ ਜੋ ਹਮਲੇ ਹੋ ਰਹੇ ਹਨ ਇਹ ਸ਼ਾਂਤਮਈ ਪ੍ਰਦਰਸ਼ਨ ਨਹੀਂ। ਉਨ੍ਹਾਂ ਕਿਹਾ ਯੂਥ ਕਾਂਗਰਸ ਦੇ ਆਗੂ ਦਾ ਇਸ ਪਿੱਛੇ ਹੱਥ ਹੈ। ਜੇਕਰ ਕੋਈ ਗਲਤਫਹਿਮੀ ਹੈ ਤਾਂ ਗੱਲਬਾਤ ਨਾਲ ਮਸਲੇ ਦਾ ਹੱਲ ਹੋ ਸਕਦੇ ਹਨ।
