*ਖੇਤੀਬਾੜੀ ਮੰਤਰੀ ਅੱਜ (ਬੁੱਧਵਾਰ) ਸੰਗਰੂਰ ਜ਼ਿਲ੍ਹੇ ਵਿੱਚ ਪਨੀਰੀ ਦੀ ਬਿਜਾਈ ਸ਼ੁਰੂ ਕਰਨਗੇ*

0
9

ਚੰਡੀਗੜ੍ਹ, 18 ਜੁਲਾਈ: (ਸਾਰਾ ਯਹਾਂ/ਹਿਤੇਸ਼ ਸ਼ਰਮਾ)

ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੂਬੇ ਵਿੱਚ ਜਿਹੜੇ ਕਿਸਾਨਾਂ ਦੀ ਫ਼ਸਲ ਦਾ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਝੋਨੇ ਦੀ ਪਨੀਰੀ ਮੁਫ਼ਤ ਮੁਹੱਈਆ ਕਰਵਾਉਣ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਅਜਿਹੇ ਕਿਸਾਨ ਸਵੇਰੇ 8 ਵਜੇ ਤੋਂ ਰਾਤ 9.30 ਵਜੇ ਤੱਕ “77106-65725”  ‘ਤੇ ਕਾਲ ਕਰਕੇ ਝੋਨੇ ਦੀ ਪਨੀਰੀ ਲੈਣ ਲਈ ਮੰਗ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਪੰਜਾਬ ਸਰਕਾਰ ਇਸ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਪੂਰੀ ਵਾਹ ਲਗਾ ਰਹੀ ਹੈ।
ਖੇਤੀਬਾੜੀ ਮੰਤਰੀ ਭਲਕੇ (ਬੁੱਧਵਾਰ) ਸੰਗਰੂਰ ਜ਼ਿਲ੍ਹੇ ਵਿੱਚ 22 ਏਕੜ ਤੋਂ ਵੱਧ ਰਕਬੇ ਵਿੱਚ ਪਨੀਰੀ ਬੀਜਣ ਦੀ ਸ਼ੁਰੂਆਤ ਕਰਨਗੇ ਅਤੇ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਫ਼ਤ ਮੁਹੱਈਆ ਕਰਵਾਉਣ ਲਈ 3500 ਕੁਇੰਟਲ ਤੋਂ ਵੱਧ ਝੋਨੇ ਦੀ ਪਨੀਰੀ ਦੀ ਬਿਜਾਈ ਕੀਤੀ ਜਾ ਰਹੀ ਹੈ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸੂਬਾ ਸਰਕਾਰ ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਝੋਨੇ ਦੀ ਪਨੀਰੀ ਦੀ ਮੰਗ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ। ਸੂਬਾ ਸਰਕਾਰ ਹੜ੍ਹਾਂ ਕਾਰਨ ਨੁਕਸਾਨੀ ਗਈ ਝੋਨੇ ਦੀ ਫਸਲ ਵਾਲੇ ਖੇਤਰਾਂ ਵਿੱਚ ਝੋਨੇ ਦੀ ਮੁੜ ਲੁਆਈ ਲਈ ਪਨੀਰੀ ਮੁਫ਼ਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਖੇਤੀਬਾੜੀ ਮੰਤਰੀ ਨੇ ਝੋਨੇ ਦੀ ਪਨੀਰੀ ਮੁਫ਼ਤ ਮੁਹੱਈਆ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਦੀ ਮਦਦ ਕਰਨ ਵਾਲੇ ਕਿਸਾਨਾਂ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਨ ਦੀ ਲੋੜ ਹੈ।

LEAVE A REPLY

Please enter your comment!
Please enter your name here