
ਚੰਡੀਗੜ੍ਹ 17,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਕਣਕ ਦੇ ਸੁੰਗੜੇ ਦਾਣਿਆਂ ਦੀ ਮਿਕਦਾਰ 6 ਫੀਸਦੀ ਤੋਂ ਵਧਾ ਕੇ ਅੱਠ ਫੀਸਦੀ ਕਰ ਦਿੱਤੀ ਹੈ। ਇਸ ਨਾਲ ਹੁਣ ਅੱਠ ਫੀਸਦੀ ਤੱਕ ਸੁੰਗੜੇ ਦਾਣਿਆਂ ਵਾਲੀ ਕਣਕ ਖਰੀਦੀ ਜਾ ਸਕੇਗੀ।
ਦਰਅਸਲ ਜ਼ਿਆਦਾ ਗਰਮੀ ਪੈਣ ਕਾਰਨ ਕਣਕ ਪ੍ਰਭਾਵਿਤ ਹੋ ਗਈ ਸੀ ਜਿਸ ਤੋਂ ਕੇਂਦਰ ਵੱਲੋਂ ਇੱਕ ਜਾਂਚ ਟੀਮ ਭੇਜੀ ਗਈ ਸੀ ਤੇ ਟੀਮ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ 6 ਫੀਸਦੀ ਤਕ ਨੁਕਸਾਨੀ ਫਸਲ ਦੀ ਖਰੀਦ ਹੁੰਦੀ ਸੀ ਜਿਸ ਨੂੰ ਹੁਣ 2% ਵਧਾ ਕੇ 8% ਕਰ ਦਿੱਤਾ ਗਿਆ ਹੈ। ਹਾਲ ਹੀ ‘ਚ ਕੇਂਦਰ ਨੇ ਆਪਣੀ ਟੀਮ ਪੰਜਾਬ ਭੇਜੀ ਸੀ। ਇਸ ਵਾਰ ਪ੍ਰਤੀ ਏਕੜ ਦਾ ਝਾੜ ਪਹਿਲਾਂ ਨਾਲੋਂ ਬਹੁਤ ਘੱਟ ਨਿਕਲਿਆ ਹੈ।
ਦੱਸ ਦਈਏ ਕਿ ਕੇਂਦਰੀ ਖ਼ੁਰਾਕ ਮੰਤਰਾਲੇ ਦੀਆਂ ਟੀਮਾਂ ਵੱਲੋਂ ਪੰਜਾਬ ਦੇ ਖ਼ਰੀਦ ਕੇਂਦਰਾਂ ’ਚੋਂ ਕਣਕ ਦੇ ਸੈਂਪਲ ਲਏ ਗਏ ਸੀ। ਕੇਂਦਰੀ ਟੀਮ ਨੇ ਸੈਂਪਲਾਂ ਦੇ ਜਾਂਚ ਨਤੀਜੇ ਕੇਂਦਰੀ ਖ਼ੁਰਾਕ ਮੰਤਰਾਲੇ ਨੂੰ ਲਿਖਤੀ ਰੂਪ ਵਿੱਚ ਸੌਂਪੇ ਸੀ। ਇਸ ਰਿਪੋਰਟ ਵਿੱਚ ਕਣਕ ਦੇ ਦਾਣੇ ਸੁੰਗੜਨ ਦੀ ਪੁਸ਼ਟੀ ਹੋਈ ਸੀ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ ਦੇ ਦਾਣੇ ਸੁੰਗੜਨ ਦੀ ਔਸਤ ਦਰ 13 ਤੋਂ 14 ਫ਼ੀਸਦੀ ਸਾਹਮਣੇ ਆਈ ਹੈ ਜਦਕਿ ਕੇਂਦਰੀ ਮਾਪਦੰਡਾਂ ਅਨੁਸਾਰ ਇਹ ਦਰ ਛੇ ਫ਼ੀਸਦੀ ਹੋਣੀ ਚਾਹੀਦੀ ਹੈ। ਕਈ ਮੰਡੀਆਂ ਦੇ ਨਮੂਨਿਆਂ ਵਿੱਚ ਇਹ ਦਰ 20 ਫ਼ੀਸਦੀ ਦੇ ਕਰੀਬ ਵੀ ਰਹੀ ਹੈ। ਇਸ ਮਗਰੋਂ ਕੇਂਦਰ ਸਰਕਾਰ ਨੇ ਕੁਝ ਰਾਹਤ ਦਿੱਤੀ ਹੈ।
