ਕ੍ਰਾਇਮ ਸ਼ਾਖਾ ਵੱਲੋਂ ਮੂਸੇਵਾਲਾ ‘ਤੇ ਸੰਜੂ ਗੀਤ ਲਈ ਨਵਾਂ ਮੁੱਕਦਮਾ ਦਰਜ..!

0
94

ਚੰਡੀਗੜ੍ਹ, 20 ਜੁਲਾਈ   (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਪੁਲਿਸ ਨੇ ਵਿਵਾਦਾਂ ਚ ਘਿਰੇ ਗਾਇਕ  ਸਿੱਧੂ ਮੂਸੇਵਾਲਾ ਨੂੰ ਅਸਲਾ ਕਾਨੂੰਨ ਦੇ ਕੇਸ ਵਿੱਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਲਈ ਤਿਆਰੀ ਖਿੱਚੀ ਹੈ। ਇਸੇ ਦੌਰਾਨ ਮੂਸੇਵਾਲਾ ਵਿਰੁੱਧ ਕ੍ਰਾਈਮ ਸ਼ਾਖਾ ਨੇ ਉਸ ਦੇ ਨਵੇਂ ਗੀਤ “ਸੰਜੂ” ਨਾਲ ਹਿੰਸਾ ਅਤੇ ਬੰਦੂਕ ਸਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਦੋਸ਼ ਹੇਠ ਇੱਕ ਹੋਰ ਮੁੱਕਦਮਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਇਹ ਗੀਤ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋਇਆ ਸੀ।

      ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਏਡੀਜੀਪੀ ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਸ੍ਰੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਧਾਰ ‘ਤੇ ਗਾਇਕ ਵਿਰੁੱਧ ਮੁਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ। ਗਾਇਕ ਦਾ ਗੀਤ “ਸੰਜੂ” ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੱਜ ਰਿਹਾ ਹੈ ਅਤੇ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਵਿੱਚ ਵੱਖ-ਵੱਖ ਐਫਆਈਆਰਜ਼ ਦਰਜ ਹੋਣ ਨੂੰ ਵਡਿਆਈ ਦੱਸਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਮਾਮਲਾ ਅਸਲਾ ਕਾਨੂੰਨ ਅਧੀਨ ਦਰਜ ਕੀਤਾ ਗਿਆ ਹੈ। ਏਡੀਜੀਪੀ ਨੇ ਕਿਹਾ ਕਿ ਪੁਲਿਸ ਛੇਤੀ ਹੀ ਹਾਈਕੋਰਟ ਦੁਆਰਾ ਮੂਸੇਵਾਲਾ ਨੂੰ ਦਿੱਤੀ ਗਈ ਅਗਾਊਂ ਜ਼ਮਾਨਤ ਰੱਦ ਕਰਨ ਲਈ ਪਟੀਸ਼ਨ ਦਾਇਰ ਕਰੇਗੀ।

          ਸ੍ਰੀ ਸ਼ੁਕਲਾ ਨੇ ਕਿਹਾ ਕਿ ਇਹ ਤਸਦੀਕ ਹੋ ਗਿਆ ਹੈ ਕਿ ਨਵਾਂ ਵੀਡੀਓ-ਗੀਤ, “ਸੰਜੂ” ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ਉਤੇ ਅਪਲੋਡ ਕੀਤਾ ਗਿਆ ਸੀ। ਇਸ ਗੀਤ ਵਿੱਚ ਮੂਸੇਵਾਲਾ ਨੇ ਉਸਦੇ ਖਿਲਾਫ਼ ਅਸਲਾ ਕਾਨੂੰਨ ਤਹਿਤ ਦਰਜ ਕੀਤੇ ਕੇਸ ਦਾ ਹਵਾਲਾ ਦਿੱਤਾ ਹੈ ਅਤੇ ਵੀਡੀਓ ਦੀ ਸ਼ੁਰੂਆਤ ਉਸ ਸਬੰਧੀ ਇੱਕ ਨਿਊਜ਼-ਕਲਿੱਪ ਤੋਂ ਹੁੰਦੀ ਹੈ ਜਿਸ ਲਈ ਪੁਲਿਸ ਨੇ ਏ.ਕੇ. 47 ਰਾਈਫਲ ਦੀ ਅਣਅਧਿਕਾਰਤ ਵਰਤੋਂ ਲਈ ਉਸ ਵਿਰੁੱਧ ਕੇਸ ਦਰਜ ਕੀਤਾ ਸੀ।

          ਇਸ ਵੀਡੀਓ ਵਿੱਚ, ਮੂਸੇਵਾਲਾ ਦੀ ਨਿਊਜ਼ ਕਲਿੱਪ ਨੂੰ ਬਾਅਦ ਵਿੱਚ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਅਜਿਹੇ ਜ਼ੁਰਮਾਂ ਲਈ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਸੁਣਾਏ ਜਾਣ ਦੀਆਂ ਖ਼ਬਰਾਂ ਨਾਲ ਮਿਲਾ ਦਿੱਤਾ ਗਿਆ। ਸ੍ਰੀ ਸ਼ੁਕਲਾ ਨੇ ਕਿਹਾ ਕਿ ਗੀਤ ਦੇ ਬੋਲ ਅਤੇ ਵੀਡਿਓ ਗੈਰ-ਕਾਨੂੰਨੀ ਹਥਿਆਰਾਂ ਨੂੰ ਰੱਖਣ ਅਤੇ ਵਰਤੋਂ ਕਰਨ ਨੂੰ ਉਤਸ਼ਾਹਤ ਕਰਦੇ ਹਨ ਅਤੇ ਇੱਕ ਵਿਅਕਤੀ ’ਤੇ ਐਫਆਈਆਰ ਦਰਜ ਹੋਣ ਨੂੰ ਮਾਣ ਵਾਲੀ ਗੱਲ ਦੱਸਦੇ ਹਨ।

          ਸ੍ਰੀ ਸ਼ੁਕਲਾ ਨੇ ਗਾਣੇ ਦੇ ਬੋਲ “ਗੱਭਰੂ ਦੇ ਨਾਲ ਸੰਤਾਲੀ (47) ਜੁੜ ਗਈ, ਘੱਟੋ ਘੱਟ ਸਜ਼ਾ ਪੰਜ ਸਾਲ ਵੱਟ ‘ਤੇ, ਗੱਭਰੂ ਉੱਤੇ ਕੇਸ ਜਿਹੜਾ ਸੰਜੈ ਦੱਤ ‘ਤੇ, ਅਵਾ ਤਬਾ ਬੋਲਦੇ ਵਕੀਲ ਸੋਹੀਣੇ, ਸਾਰੀ ਦੁਨੀਆਂ ਦਾ ਉਹ ਜੱਜ ਸੁਣੀਦਾ, ਜਿੱਥੇ ਸਾਡੀ ਚਲਦੀ ਅਪੀਲ ਸੋਹਣੀਏ… ”, ਨਾ ਸਿਰਫ਼ ਗੈਰਕਾਨੂੰਨੀ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਦੇ ਹਨ ਸਗੋਂ ਨਿਆਂਪਾਲਿਕਾ, ਪੁਲਿਸ ਅਤੇ ਵਕੀਲਾਂ ਨੂੰ ਵੀ ਨੀਵਾਂ ਵਿਖਾਉਂਦੇ ਹਨ।

          ਸ੍ਰੀ ਸ਼ੁਕਲਾ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਅਪਰਾਧ ਲਈ ਮੂਸੇਵਾਲਾ ‘ਤੇ ਪਹਿਲਾਂ ਵੀ ਇਸੇ ਸਾਲ 1 ਫਰਵਰੀ ਨੂੰ ਮਾਨਸਾ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਸੀ। ਕਰਫਿਊ ਦੌਰਾਨ ਏ.ਕੇ. 47 ਰਾਈਫਲ ਚਲਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ’ਤੇ 4 ਮਈ ਨੂੰ ਬਰਨਾਲਾ ਪੁਲਿਸ ਦੁਆਰਾ ਆਫ਼ਤ ਪ੍ਰਬੰਧਨ ਅਤੇ ਅਸਲਾ ਐਕਟ ਅਧੀਨ ਵੱਖ-ਵੱਖ ਅਪਰਾਧਾਂ ਲਈ ਮੁਕੱਦਮਾ ਦਰਜ ਕੀਤਾ ਗਿਆ। ਸ੍ਰੀ ਸ਼ੁਕਲਾ ਨੇ ਕਿਹਾ ਕਿ ਉਸ ਦੁਆਰਾ ਹਾਲ ਹੀ ਵਿੱਚ ਗਾਇਆ ਗੀਤ ਸਪਸ਼ਟ ਤੌਰ ‘ਤੇ ਨਾ ਸਿਰਫ਼ ਪੁਲਿਸ ਅਤੇ ਨਿਆਂਪਾਲਿਕਾ ਦਾ ਮਜ਼ਾਕ ਉਡਾਉਂਦਾ ਹੈ ਬਲਕਿ ਇਹ ਵੀ ਦਰਸਾਉਂਦਾ ਹੈ ਕਿ ਗਾਇਕ ਕਦੇ ਨਹੀਂ ਸੁਧਰ ਸਕਦਾ ਅਤੇ ਉਹ ਵਾਰ-ਵਾਰ ਇਸ ਤਰ੍ਹਾਂ ਦੇ ਅਪਰਾਧ ਕਰਦਾ ਰਹੇਗਾ।

          ਏਡੀਜੀਪੀ ਨੇ ਅੱਗੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ ਨਿਰਦੇਸ਼ ਦਿੱਤੇ ਸਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲਾਈਵ ਸ਼ੋਅਜ਼ ਦੌਰਾਨ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਕੋਈ ਵੀ ਗੀਤ ਸਟੇਜ ’ਤੇ ਨਾ ਗਾਏ ਜਾਣ। ਇੱਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗੀਤਾਂ ਵਿਚ ਹਿੰਸਾ ਅਤੇ ਬੰਦੂਕ ਦੇ ਸਭਿਆਚਾਰ ਦੇ ਪ੍ਰਸਾਰ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਸੂਬਾ ਪੁਲਿਸ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਅਜਿਹੇ ਗਾਇਕਾਂ ਪ੍ਰਤੀ ਕੋਈ ਢਿੱਲ ਜਾਂ ਰਿਆਇਤ ਨਾ ਵਰਤੀ ਜਾਵੇ, ਜਿਹੜੇ ਨਿਰਦੋਸ਼ ਨੌਜਵਾਨਾਂ ਨੂੰ ਹਿੰਸਾ ਅਤੇ ਗੁੰਡਾਗਰਦੀ ਦੇ ਰਸਤੇ ‘ਤੇ ਚੱਲਣ ਲਈ ਉਤਸ਼ਾਹਿਤ ਕਰਦੇ ਹਨ।

          ਸ੍ਰੀ ਸ਼ੁਕਲਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਹ ਹਾਲ ਹੀ ਵਿੱਚ ਗਾਏ ਆਪਣੇ ਨਵੇਂ ਗੀਤ ਨੂੰ ਆਪਣੇ ਲਈ ਇੱਕ ਸਨਮਾਨ ਵਜੋਂ ਲੈ ਰਿਹਾ ਹੈ। ਮੂਸੇਵਾਲਾ ਇਸ ਗੀਤ ਵਿੱਚ ਏ.ਕੇ. 47 ਰਾਈਫਲਾਂ ਅਤੇ ਹੋਰ ਹਥਿਆਰਾਂ ਦੀ ਵਰਤੋਂ ਦੀ ਵਡਿਆਈ ਕਰਕੇ ਜਾਣ-ਬੁੱਝ ਕੇ ਸਰਹੱਦੀ ਰਾਜ ਦੇ ਨੌਜਵਾਨਾਂ ਨੂੰ ਭੜਕਾਉਣਾ ਅਤੇ ਗੁੰਮਰਾਹ ਕਰਨਾ ਚਾਹੁੰਦਾ ਹੈ, ਜਿਸਨੇ 80 ਅਤੇ 90 ਦੇ ਦਹਾਕੇ ਵਿੱਚ ਅੱਤਵਾਦ ਦੇ ਕਾਲੇ ਦੌਰ ਨੂੰ ਝੱਲਿਆ ਹੈ।

          ਉਨ੍ਹਾਂ ਦੱਸਿਆ ਕਿ ਮੂਸੇਵਾਲਾ ਖ਼ਿਲਾਫ਼ ਪੁਲਿਸ ਥਾਣਾ ਸਟੇਟ ਕ੍ਰਾਈਮ ਪੰਜਾਬ, ਫੇਜ਼ 4, ਮੁਹਾਲੀ ਵਿਖੇ ਆਈਪੀਸੀ ਦੀ ਧਾਰਾ 188/294/504/120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here