ਕੋਵਿਡ ਖਿਲਾਫ਼ ਜੰਗ ਨੂੰ ਮਜ਼ਬੂਤ ਕਰਨ ਹਿੱਤ ਕੈਬਨਿਟ ਵੱਲੋਂ ਮੈਡੀਕਲ ਅਫ਼ਸਰਾਂ ਦੀਆਂ 428 ਅਸਾਮੀਆਂ ਭਰਨ ਨੂੰ ਹਰੀ ਝੰਡੀ

0
70

ਚੰਡੀਗੜ੍ਹ, 25 ਅਗਸਤ: (ਸਾਰਾ ਯਹਾ, ਬਲਜੀਤ ਸ਼ਰਮਾ) ਕੋਵਿਡ ਸੰਕਟ ਖਿਲਾਫ਼ ਮਜ਼ਬੂਤੀ ਨਾਲ ਨਜਿੱਠਣ ਲਈ ਸੂਬੇ ਦੀ ਕੈਬਨਿਟ ਵੱਲੋਂ ਮੰਗਲਵਾਰ ਨੂੰ ਫੌਰੀ ਆਧਾਰ ‘ਤੇ ਮੈਡੀਕਲ ਅਫ਼ਸਰਾਂ (ਸਪੈਸ਼ਲਿਸਟ) ਦੀਆਂ 428 ਰੈਗੂਲਰ ਅਸਾਮੀਆਂ ਨੂੰ ਭਰਨ ਲਈ ਹਰੀ ਝੰਡੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਪਹਿਲਾਂ ਹੀ ਭਰੀਆਂ ਜਾ ਚੁੱਕੀਆਂ ਛੇ ਸਪੈਸ਼ਲਟੀਆਂ ਦੀਆਂ 107 ਅਸਾਮੀਆਂ ਦੀ ਕਾਰਜ ਬਾਅਦ ਪ੍ਰਵਾਨਗੀ ‘ਤੇ ਵੀ ਕੈਬਨਿਟ ਵੱਲੋਂ ਮੋਹਰ ਲਾ ਦਿੱਤੀ ਗਈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਕਿਉਂਜੋ ਕੋਵਿਡ ਮਹਾਂਮਾਰੀ ਆਪਣੀ ਚਰਮ ਸੀਮਾ ਵੱਲ ਵਧ ਰਹੀ ਹੈ, ਇਸ ਨਾਲ ਨਜਿੱਠਣ ਲਈ ਅਮਲੇ ਦੀ ਬਹੁਤ ਲੋੜ ਸੀ। ਪਿਛਲੀ ਸਮੀਖਿਆ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਖਾਲੀ ਅਸਾਮੀਆਂ ਦੀ ਪਛਾਣ ਕਰ ਕੇ ਇਨ੍ਹਾਂ ਨੂੰ ਤੁਰੰਤ ਭਰੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ ਸੀ।
ਪੰਜਾਬ ਵਜ਼ਾਰਤ ਦੀ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਇਹ ਭਰਤੀ ਡਾ. ਕੇ.ਕੇ. ਤਲਵਾੜ ਦੀ ਪ੍ਰਧਾਨਗੀ ਵਾਲੀ ਇਕ ਵਿਸ਼ੇਸ਼ ਚੋਣ ਕਮੇਟੀ ਵੱਲੋਂ ਵਾਕ-ਇਨ-ਇੰਟਰਵਿਊ ਰਾਹੀਂ ਕੀਤੀ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਅਸਾਮੀਆਂ ਲਈ ਕਾਰਜ ਬਾਅਦ ਪ੍ਰਵਾਨਗੀ ਦਿੱਤੀ ਗਈ ਹੈ ਉਹ 323 ਮੈਡੀਕਲ ਅਫ਼ਸਰਾਂ (ਸਪੈਸ਼ਲਿਸਟ) ਦੀ ਚੱਲ ਰਹੀ ਭਰਤੀ ਪ੍ਰਕਿਰਿਆ ਦਾ ਹਿੱਸਾ ਹਨ। ਕੈਬਨਿਟ ਵੱਲੋਂ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਰਾਖਵੀਆਂ ਸ਼੍ਰੇਣੀਆਂ ਦੀਆਂ ਅਸਾਮੀਆਂ ਨੂੰ ਮੈਡੀਕਲ ਅਫਸਰ (ਜਨਰਲ) ਦੇ ਮੁਕਾਬਲੇ ਐਡਜਸਟ/ਅੱਗੇ ਲਿਜਾਇਆ ਜਾਵੇਗਾ। ਕੁਝ ਖਾਸ ਸਪੈਸ਼ਲਟੀਆਂ ਵਿੱਚ ਯੋਗ ਉਮੀਦਵਾਰਾਂ ਦੀ ਵੱਧ ਗਿਣਤੀ ਨੂੰ ਦੇਖਦੇ ਹੋਏ ਇਹ ਤੈਅ ਕੀਤਾ ਗਿਆ ਕਿ ਉਸ ਖਾਸ ਸਪੈਸ਼ਲਟੀ ਵਿਚਲੇ ਸਾਰੇ ਕਾਮਯਾਬ ਉਮੀਦਵਾਰਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਵੇ ਅਤੇ ਉਸ ਸ਼੍ਰੇਣੀ ਵਿੱਚ ਅਸਾਮੀਆਂ ਦੀ ਗਿਣਤੀ ਵਧਾ ਲਈ ਜਾਵੇ।
ਨਵੀਆਂ 428 ਅਸਾਮੀਆਂ ਵਿੱਚੋਂ 136 ਨੂੰ ਜ਼ਿਲ੍ਹਾ ਹਸਪਤਾਲ ਪੱਧਰ ‘ਤੇ ਪ੍ਰਵਾਨ ਕੀਤਾ ਗਿਆ ਹੈ ਜਿਸ ਵਿੱਚ 22 ਅਸਾਮੀਆਂ ਬੱਚਿਆਂ ਦੇ ਮਾਹਿਰ, ਫੌਰੈਂਸਿਕ ਮੈਡੀਸਨ ਅਤੇ ਗਾਇਨੀ ਲਈ 20-20 ਅਸਾਮੀਆਂ ਅਤੇ ਮਾਈਕਰੋਬਾਇਲੌਜੀ ਲਈ 18 ਅਸਾਮੀਆਂ ਸ਼ਾਮਲ ਹਨ। ਸਬ-ਡਵੀਜ਼ਨਲ ਹਸਪਤਾਲਾਂ ਦੇ ਪੱਧਰ ‘ਤੇ ਮਨਜ਼ੂਰ ਕੀਤੀਆਂ 190 ਅਸਾਮੀਆਂ ਵਿੱਚੋਂ ਸਭ ਤੋਂ ਵੱਧ 39-39 ਅਸਾਮੀਆਂ ਮੈਡੀਸਨ ਅਤੇ ਗਾਇਨੀ ਵਿੱਚ ਹਨ ਜਦੋਂ ਕਿ 30 ਅਸਾਮੀਆਂ ਚਮੜੀ ਰੋਗਾਂ, 29 ਅਸਾਮੀਆਂ ਈ.ਐਨ.ਟੀ. ਅਤੇ 13 ਅਸਾਮੀਆਂ ਐਨੇਸਥੀਸੀਆ ਲਈ ਹਨ। ਕਮਿਊਨਿਟੀ ਸਿਹਤ ਕੇਂਦਰਾਂ ਪੱਖੋਂ ਐਨੇਸਥੀਸੀਆ ਦੀਆਂ 102 ਅਸਾਮੀਆਂ ਮਨਜ਼ੂਰ ਕੀਤੀਆਂ ਗਈਆਂ ਹਨ।
ਬੁਲਾਰੇ ਅਨੁਸਾਰ ਸਿਹਤ ਵਿਭਾਗ ਵੱਲੋਂ ਲੋੜ ਪੈਣ ‘ਤੇ ਹੋਰ ਅਸਾਮੀਆਂ ਪੈਦਾ ਕਰਨ ਤੋਂ ਇਲਾਵਾ ਇਹ ਅਸਾਮੀਆਂ ਛੇਤੀ ਤੋਂ ਛੇਤੀ ਭਰੀਆਂ ਜਾਣਗੀਆਂ।
ਗੌਰਤਲਬ ਹੈ ਕਿ ਸਿਹਤ ਵਿਭਾਗ ਨੇ 30 ਜੂਨ 2020 ਨੂੰ ਕੈਬਨਿਟ ਤੋਂ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਦੀਆਂ 3954 ਅਸਾਮੀਆਂ ਨੂੰ ਭਰਨ ਦੀ ਮਨਜ਼ੂਰੀ ਲਈ ਸੀ ਅਤੇ ਇਸ ਲਈ ਭਰਤੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ। 13 ਵੱਖ-ਵੱਖ ਮਾਹਿਰਾਂ ਦੇ ਮੈਡੀਕਲ ਅਫਸਰਾਂ (ਸਪੈਸ਼ਲਿਸਟ) ਦੀਆਂ 323 ਅਸਾਮੀਆਂ ਲਈ ਚੋਣ ਪ੍ਰਕਿਰਿਆ ਵੀ ਚੱਲ ਰਹੀ ਹੈ ਅਤੇ ਸਫਲ ਉਮੀਦਵਾਰਾਂ ਨੂੰ ਨਿਯੁਕਤੀ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾਂ 323 ਅਸਾਮੀਆਂ ਵਿਚੋਂ ਸਿਰਫ 34 ਜਨਰਲ ਸ਼੍ਰੇਣੀ ਨਾਲ ਸਬੰਧਤ ਹਨ ਅਤੇ ਬਾਕੀ ਵੱਖ-ਵੱਖ ਰਾਖਵੀਆਂ ਸ਼੍ਰੇਣੀਆਂ ਵਿਚੋਂ ਹਨ।
ਭਰਤੀ ਲਈ ਉਪਰਲੀ ਉਮਰ ਹੱਦ ਵਿੱਚ ਪਹਿਲਾਂ ਹੀ ਸਰਕਾਰੀ ਸੇਵਾ ਨਿਭਾ ਰਹੇ ਵਿਅਕਤੀਆਂ ਦੇ ਸਬੰਧ ਵਿੱਚ 45 ਸਾਲ ਤੱਕ ਛੋਟ ਦਿੱਤੀ ਗਈ ਹੈ।
ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਕਰੀਬ 31 ਲੱਖ ਕੋਵਿਡ ਦੇ ਮਾਮਲੇ ਹਨ ਜਿਨ੍ਹਾਂ ਵਿੱਚੋਂ ਪੰਜਾਬ ਵਿੱਚ 41000 ਕੇਸ ਹਨ ਅਤੇ ਮੌਤਾਂ ਦੀ ਗਿਣਤੀ 1036 ਹੈ।
—-

NO COMMENTS