ਮਾਨਸਾ, 03 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਸੂਬੇ ਅੰਦਰ ਨੋਵਲ ਕਰੋਨਾ ਵਾਇਰਸ ਕੋਵਿਡ-19 ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੋਵਾ ਪੰਜਾਬ ਐਪ ਵਿੱਚ ਇੱਕ ਹੋਰ ਸੁਵਿਧਾ ‘ਡਾਕਟਰ ਨਾਲ ਜੁੜੋ’ (ਕੋਨੈਕਟ ਟੂ ਡਾਕਟਰ) ਸ਼ਾਮਿਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸਪੈਸ਼ਲ ਪੰਜਾਬ ਟੈਲੀ-ਕਨਸਲਟੇਸ਼ਨ ਹੈਲਪਲਾਈਨ ਨੰਬਰ 1800-180-4104 ਵੀ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੂਰੇ ਸੂਬੇ ਅੰਦਰ ਕਰਫਿਊ ਲੱਗਾ ਹੋਇਆ ਹੈ ਅਤੇ ਇਸ ਦੌਰਾਨ ਜ਼ਿਲ੍ਹਾ ਵਾਸੀ ਐਮਰਜੈਂਸੀ ਜਾਂ ਗੈਰ-ਐਮਰਜੈਂਸੀ ਹਾਲਾਤਾਂ ਵਿੱਚ ਡਾਕਟਰਾਂ ਤੱਕ ਪਹੁੰਚ ਨਹੀਂ ਬਣਾ ਪਾ ਰਹੇ। ਉਨ੍ਹਾਂ ਦੱਸਿਆ ਕਿ ਇਸੇ ਸਮੱਸਿਆ ਦੇ ਹੱਲ ਲਈ ਕੋਵਾ ਪੰਜਾਬ ਐਪ ਵਿੱਚ ਡਾਕਟਰ ਨਾਲ ਜੁੜੋ ਐਪ ਅਤੇ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਕੋਵਾ ਪੰਜਾਬ ਐਪ ਦੀ ਇਸ ਨਵੀਂ ਸੁਵਿਧਾ ਨਾਲ ਲੋਕ ਦੇਸ਼ ਭਰ ਦੇ ਕਰੀਬ 1800 ਸੀਨੀਅਰ ਡਾਕਟਰਾਂ ਤੋਂ ਕਰਫਿਊ ਦੌਰਾਨ ਕੋਵਿਡ-19 ਅਤੇ ਹੋਰ ਸਬੰਧਤ ਬਿਮਾਰੀਆਂ ਤੋਂ ਬਚਾਅ ਸਬੰਧੀ ਸਲਾਹ ਲੈ ਸਕਣਗੇ।