
ਚੰਡੀਗੜ੍ਹ: ਮੋਦੀ ਸਰਕਾਰ ਕੋਰੋਨਾ ਨਾਲ ਲੜਾਈ ਲਈ ਵੱਡੇ-ਵੱਡੇ ਫੰਡ ਜਾਰੀ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ‘ਕੋਵਿਡ-19 ਦੇ ਮੁਕਾਬਲੇ ਲਈ ਪੰਜਾਬ ਨੂੰ ਕੇਂਦਰ ਤੋਂ ਕੋਈ ਸਹਾਇਤਾ ਰਾਸ਼ੀ ਪ੍ਰਾਪਤ ਨਹੀਂ ਹੋਈ ਹੈ।

ਉਨ੍ਹਾਂ ਕਿਹਾ ਹੈ ਕਿ ਪਿਛਲੇ ਸਮੇਂ ਵਿੱਚ ਸੂਬੇ ਨੂੰ ਜੋ ਰਾਸ਼ੀ ਪ੍ਰਾਪਤ ਹੋਈ, ਉਹ ਰਾਜ ਦੀਆਂ ਕੇਂਦਰ ਵੱਲ ਜੀਐਸਟੀ, ਮੁਆਵਜ਼ਾ, ਮਾਲੀਆ ਘਾਟਾ ਗ੍ਰਾਂਟ ਤੇ ਆਫ਼ਤ ਰਾਹਤ ਫੰਡ ਦੀਆਂ ਬਕਾਇਆ ਗ੍ਰਾਂਟਾਂ ਹੀ ਸਨ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਇਨ੍ਹਾਂ ਮਦਾਂ ਦਾ ਚਾਰ ਹੋਰ ਮਹੀਨਿਆਂ ਦਾ ਬਕਾਇਆ ਅਜੇ ਕੇਂਦਰ ਸਰਕਾਰ ਵੱਲ ਖੜ੍ਹਾ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੰਡ ਜਾਰੀ ਕਰਨ ਲਈ ਚਿੱਠੀਆਂ ਲਿਖ ਚੁੱਕੇ ਹਨ। ਮੋਦੀ ਸਰਕਾਰ ਨੇ ਕੋਰੋਨਾ ਨੂੰ ਕੌਮੀ ਆਫਤ ਐਲਾਨਿਆ ਹੈ। ਪੰਜਾਬ ਕੋਰੋਨਾ ਨਾਲ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਦੇ ਬਾਵਜੂਦ ਪੰਜਾਬ ਨੂੰ ਫੰਡ ਨਾ ਮਿਲਣ ਦੀ ਗੱਲ਼ ਹੈਰਾਨੀਜਨਕ ਹੈ।
