ਚੰਡੀਗੜ੍ਹ: ਦੇਸ਼ ‘ਚ ਕੋਰੋਨਾਵਾਇਰਸ (Coronavirus) ਮਹਾਮਾਰੀ ਨੂੰ ਰੋਕਣ ਲਈ ਮਾਰਚ ਵਿੱਚ ਲਾਗੂ ਕੀਤੇ ਗਏ ਲੌਕਡਾਊਨ (Lockdown) ਤੋਂ ਬਾਅਦ ਪਹਿਲੀ ਵਾਰ ਹਰਿਆਣਾ ਰੋਡ (haryana roadways) ਟਰਾਂਸਪੋਰਟ ਦੀਆਂ ਬੱਸਾਂ ਨੇ ਕੁਝ ਰੂਟਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਬੱਸਾਂ ਵਿੱਚ ਸਮਾਜਕ ਦੂਰੀ (Social Distancing) ਦਾ ਪਾਲਣ ਕਰਨਾ ਲਾਜ਼ਮੀ ਹੈ ਤੇ ਇੱਕ ਬੱਸ ਵਿੱਚ 30 ਤੋਂ ਵੱਧ ਯਾਤਰੀਆਂ ਨੂੰ ਥਾਂ ਨਹੀਂ ਦਿੱਤੀ ਜਾਏਗੀ। ਸ਼ੁੱਕਰਵਾਰ ਸਵੇਰ ਤੋਂ ਚੋਣਵੀਆਂ ਰੂਟਾਂ ‘ਤੇ ਬੱਸ ਸੇਵਾਵਾਂ ਦੀ ਸ਼ੁਰੂਆਤ ਹੋ ਗਈ। ਸ਼ੁਰੂਆਤ ‘ਚ ਬੱਸਾਂ 10 ਡਿਪੂਆਂ ਅੰਬਾਲਾ, ਭਿਵਾਨੀ, ਹਿਸਾਰ, ਕੈਥਲ, ਕਰਨਾਲ, ਨਾਰਨੌਲ, ਪੰਚਕੁਲਾ, ਰੇਵਾੜੀ, ਰੋਹਤਕ ਤੇ ਸਿਰਸਾ ਤੋਂ 29 ਰੂਟਾਂ ‘ਤੇ ਚੱਲਣਗੀਆਂ।
ਸੂਬੇ ‘ਚ ਰੋਡਵੇਜ਼ ਦੀਆਂ ਬੱਸਾਂ ਦੇ 23 ਡਿਪੂ ਹਨ ਤੇ ਕੁੱਲ 4,000 ਬੱਸਾਂ ਹਨ। ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਰਾਹੀਂ ਯਾਤਰੀਆਂ ਲਈ ਮਾਸਕ ਪਹਿਨਣਾ ਤੇ ਟਿਕਟਾਂ ਟਿਕਟਾਂ ਬੁੱਕ ਕਰਨਾ ਲਾਜ਼ਮੀ ਹੈ। ਦੇਸ਼ ਵਿੱਚ 24 ਮਾਰਚ ਤੋਂ ਸ਼ੁਰੂ ਹੋਏ ਰਾਸ਼ਟਰੀ ਲੌਕਡਾਊਨ ਤੋਂ ਇੱਕ ਦਿਨ ਪਹਿਲਾਂ 23 ਮਾਰਚ ਨੂੰ ਸੂਬੇ ਵਿੱਚ ਬੰਦ ਦਾ ਐਲਾਨ ਕੀਤਾ ਗਿਆ ਸੀ।
ਪੰਚਕੂਲਾ ਡਿਪੂ ਤੋਂ ਪਹਿਲੀ ਬੱਸ ਸ਼ੁੱਕਰਵਾਰ ਸਵੇਰੇ ਸਿਰਸਾ ਲਈ ਰਵਾਨਾ ਹੋਈ। ਸਿਰਸਾ ਦੀ ਯਾਤਰਾ ਕਰਨ ਵਾਲੇ ਇੱਕ ਨੌਜਵਾਨ ਨੇ ਕਿਹਾ, ਬੱਸਾਂ ਦੀ ਸੇਵਾ ਬਹਾਲ ਕਰਕੇ ਸਰਕਾਰ ਨੇ ਇਕ ਚੰਗਾ ਕਦਮ ਚੁੱਕਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਬੱਸ ‘ਚ ਸਿਰਫ 15 ਲੋਕਾਂ ਨੇ ਟਿਕਟ ਬੁੱਕ ਕੀਤੀ ਸੀ।
ਬੱਸ ਟਰਮੀਨਲ ‘ਤੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ। ਉਨ੍ਹਾਂ ਨੂੰ ਹੱਥਾਂ ਵਿਚ ਸੈਨੀਟਾਈਜ਼ਰ ਦਿੱਤੇ ਗਏ ਅਤੇ ਅਧਿਕਾਰੀਆਂ ਨੇ ਇਹ ਯਕੀਨੀ ਕੀਤਾ ਕਿ ਯਾਤਰੀ ਬੱਸ ਵਿੱਚ ਸਫ਼ਰ ਕਰਦੇ ਸਮੇਂ ਮਾਸਕ ਪਹਿਨ ਰਹੇ ਸੀ। ਬੱਸ ਟਰਮੀਨਲ ਵੀ ਸੰਕਰਮਣ ਮੁਕਤ ਕੀਤੇ ਗਏ ਹਨ ਤੇ ਨਾਨ-ਏਸੀ ਬੱਸਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ।
ਸਮਾਜਿਕ ਦੂਰੀ ਦਾ ਸਖ਼ਤੀ ਨਾਲ ਪਾਲਣ ਕਰਨ ਲਈ, ਸਿਰਫ 30 ਮੁਸਾਫਰਾਂ ਨੂੰ 52 ਸੀਟ ਬੱਸਾਂ ਵਿਚ ਚੜ੍ਹਨ ਦੀ ਇਜਾਜ਼ਤ ਹੈ। ਜਦਕਿ, ਕੁਝ ਬੱਸਾਂ ਨੇ ਸੇਵਾ ਦੇ ਪਹਿਲੇ ਦਿਨ ਸਿਰਫ 12-15 ਯਾਤਰੀ ਵੇਖੇ ਗਏ। ਸਰਕਾਰੀ ਬੁਲਾਰੇ ਨੇ ਕਿਹਾ ਕਿ ਬੱਸਾਂ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਨਹੀਂ ਚੱਲਣਗੀਆਂ।