ਕੋਰੋਨਾ ਖਿਲਾਫ ਜੰਗ ਹੋਰ ਤੇਜ਼, ਪੰਜਾਬ ਦੇ ਦੋ ਮੈਡੀਕਲ ਕਾਲਜਾਂ ‘ਚ IAS ਅਧਿਕਾਰੀ ਤਾਇਨਾਤ

0
62

ਚੰਡੀਗੜ੍ਹ, 28 ਜੁਲਾਈ  (ਸਾਰਾ ਯਹਾ, ਬਲਜੀਤ ਸ਼ਰਮਾ) : ਸੂਬੇ ਵਿੱਚ ਕੋਵਿਡ ਦੇ ਕੇਸਾਂ ਦੀ ਵਧ ਰਹੀ ਗਿਣਤੀ ਦਰਮਿਆਨ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਦੋ ਨੌਜਵਾਨ ਆਈ.ਐਸ. ਅਧਿਕਾਰੀਆਂ ਨੂੰ ਨੋਡਲ ਅਫ਼ਸਰਾਂ ਵਜੋਂ ਨਿਯੁਕਤ ਕੀਤਾ ਹੈ। ਇਹ ਦੋਵੇਂ ਅਧਿਕਾਰੀ ਦੋ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਮਰੀਜ਼ਾਂ ਦੀ ਵਧ ਰਹੀ ਗਿਣਤੀ ਨਾਲ ਨਿਪਟਣ ਲਈ ਕੁਸ਼ਲ ਪ੍ਰਬੰਧ ਕਰਨ ਦੇ ਨਾਲ-ਨਾਲ ਕੋਵਿਡ ਇਲਾਜ ਮੁਹੱਈਆ ਕਰਵਾ ਰਹੇ ਪ੍ਰਾਈਵੇਟ ਸੈਕਟਰ ਦੇ ਹਸਪਤਾਲਾਂ ਨਾਲ ਵੀ ਤਾਲਮੇਲ ਬਿਠਾਉਣਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਈ.ਐਸ.ਅਧਿਕਾਰੀਆਂ ਨੂੰ ਸਬੰਧਤ ਜ਼ਿਲ੍ਹਿਆਂ ਅਤੇ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਾਲੀ ਸੂਬੇ ਦੀ ਸਿਹਤ ਸਲਾਹਕਾਰ ਕਮੇਟੀ ਦਰਮਿਆਨ ਤਾਲਮੇਲ ਕਰਨ ਦਾ ਜ਼ਿੰਮਾ ਵੀ ਸੌਂਪਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਇਨ੍ਹਾਂ ਅਧਿਕਾਰੀਆਂ ਨੂੰ ਕੋਵਿਡ ਦੀ ਟੈਸਟਿੰਗ, ਅਲਹਿਦਗੀ, ਦਾਖਲ ਮਰੀਜ਼ਾਂ, ਇਲਾਜ ਅਤੇ ਮਰੀਜ਼ਾਂ ਨੂੰ ਛੁੱਟੀ ਨਾਲ ਸਬੰਧਤ ਰੋਜ਼ਮੱਰਾ ਦੀਆਂ ਲੋੜਾਂ ਤੇ ਚੁਣੌਤੀਆਂ ਨਾਲ ਨਜਿੱਠਣ ਦਾ ਕਾਰਜ ਵੀ ਸੌਂਪਿਆ। ਇਹ ਅਧਿਕਾਰੀ ਕੋਵਿਡ ਦੇਖਭਾਲ ਵਾਲੇ ਪ੍ਰਾਈਵੇਟ ਹਸਪਤਾਲਾਂ ਨਾਲ ਤਾਲਮੇਲ ਕਰ ਕੇ ਸੂਬਾ ਸਰਕਾਰ ਵੱਲੋਂ ਤੈਅ ਕੀਤੀਆਂ ਕੀਮਤਾਂ ਅਤੇ ਹੋਰ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਰਾਹੀਂ ਮਰੀਜ਼ਾਂ ਨੂੰ ਬਿਹਤਰ ਸੰਭਵ ਇਲਾਜ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣਗੇ।
ਇਸੇ ਦੌਰਾਨ ਮੁੱਖ ਸਕੱਤਰ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਗਤੀਸ਼ੀਲ ਨੌਜਵਾਨ ਅਫ਼ਸਰਾਂ ਦੀ ਸ਼ਨਾਖ਼ਤ ਕਰਨ ਦੇ ਹੁਕਮ ਦਿੱਤੇ ਹਨ ਤਾਂ ਕਿ ਹਰੇਕ ਕੋਵਿਡ ਮਰੀਜ਼ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਇਲਾਜ ਤੇ ਦੇਖਭਾਲ ਤੋਂ ਇਲਾਵਾ ਸਮੇਂ ਸਿਰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਤਾਲਮੇਲ ਕੀਤਾ ਜਾ ਸਕੇ।
ਮੁੱਖ ਸਕੱਤਰ ਮੁਤਾਬਕ ਇਨ੍ਹਾਂ ਅਧਿਕਾਰੀਆਂ ਦੇ ਕੰਮਕਾਜ ਨਾਲ ਕੋਵਿਡ ਕੇਅਰ ਸੈਂਟਰ, ਅਲਹਿਦਗੀ ਕੇਂਦਰ, ਏਕਾਂਤਵਾਸ ਦੀਆਂ ਸੁਵਿਧਾਵਾਂ, ਐਬੂਲੈਂਸ ਸੇਵਾਵਾਂ ਸਮੇਤ ਹਸਪਤਾਲਾਂ ਅਤੇ ਸੰਸਥਾਵਾਂ ਦੀਆਂ ਕੋਵਿਡ ਨਾਲ ਸਬੰਧਤ ਸਾਰੀਆਂ ਲੋੜਾਂ ਲਈ ਤਾਲਮੇਲ ਤੇ ਨਿਗਰਾਨੀ ਦਾ ਕੰਮ ਇਕ ਹੱਥ ਹੋ ਜਾਣ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੋਰੋਨਾ ਸੰਕਟ ਨਾਲ ਨਿਪਟਣ ਦੀ ਪ੍ਰਕਿਰਿਆ ਹੋਰ ਸੁਚਾਰੂ ਤੇ ਸੁਖਾਲੀ ਹੋ ਜਾਵੇਗੀ। ਇਨ੍ਹਾਂ ਅਧਿਕਾਰੀਆਂ ਦੀ ਫੌਰੀ ਦਖਲ ਲਈ ਡਾਕਟਰ ਤਲਵਾੜ ਦੀ ਅਗਵਾਈ ਵਾਲੀ ਸਲਾਹਕਾਰ ਕਮੇਟੀ ਕੋਲ ਸਿੱਧੀ ਪਹੁੰਚ ਹੋਵੇਗੀ ਅਤੇ ਇਹ ਅਧਿਕਾਰੀ ਕਿਸੇ ਤਰ੍ਹਾਂ ਦੀ ਸਹਾਇਤਾ ਲਈ ਮਰੀਜ਼ਾਂ ਲਈ ਵੀ ਉਪਲਬਧ ਰਹਿਣਗੇ। ਨੋਡਲ ਅਫ਼ਸਰ ਇਹ ਵੀ ਯਕੀਨੀ ਬਣਾਉਣਗੇ ਕਿ ਮਰੀਜ਼ਾਂ ਨੂੰ ਕਿਸੇ ਵੀ ਪੱਧਰ ‘ਤੇ ਕੋਈ ਵੀ ਦਿੱਕਤ ਜਾਂ ਸਮੱਸਿਆ ਪੇਸ਼ ਨਾ ਆਵੇ। ਬਦਕਿਸਮਤੀ ਨਾਲ ਜੇਕਰ ਕੋਵਿਡ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਮ੍ਰਿਤਕ ਸਰੀਰ ਦੇ ਸਸਕਾਰ/ਦਫਨਾਉਣ ਦੀਆਂ ਰਸਮਾਂ ਨੂੰ ਆਈ.ਸੀ.ਐਮ.ਆਰ. ਦੇ ਪ੍ਰੋਟੋਕੋਲ ਅਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨੇਪਰੇ ਚਾੜ੍ਹਣ ਵਿੱਚ ਸਹਿਯੋਗ ਦਿੱਤਾ ਜਾਵੇਗਾ।
ਅੰਮ੍ਰਿਤਸਰ ਅਤੇ ਪਟਿਆਲਾ, ਜਿੱਥੇ ਦੂਜੇ ਜ਼ਿਲ੍ਹਿਆਂ ਦੇ ਮੁਕਾਬਲੇ ਕੋਵਿਡ ਕੇਸਾਂ ਦੀ ਗਿਣਤੀ ਜ਼ਿਆਦਾ ਹੈ, ਇਨ੍ਹਾਂ ਨੋਡਲ ਅਫ਼ਸਰਾਂ ਨੂੰ ਸਬੰਧਤ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕੋਵਿਡ ਕੇਅਰ ਦੇ ਇੰਚਾਰਜ ਦੇ ਤੌਰ ‘ਤੇ ਤਾਇਨਾਤ ਕੀਤਾ ਗਿਆ ਹੈ। ਮੁੱਖ ਸਕੱਤਰ ਵੱਲੋਂ ਜਾਰੀ ਕੀਤੇ ਹੁਕਮਾਂ ਮੁਤਾਬਕ ਸਾਲ-2012 ਬੈਚ ਦੀ ਆਈ.ਏ.ਐਸ. ਅਧਿਕਾਰੀ ਸੁਰਭੀ ਮਲਿਕ ਨੂੰ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਦੇ ਕੋਵਿਡ ਕੇਅਰ ਦੀ ਕਮਾਨ ਸੌਂਪੀ ਗਈ ਹੈ ਜਦਕਿ ਸਾਲ-2014 ਬੈਚ ਦੇ ਹਿਮਾਂਸ਼ੂ ਅਗਰਵਾਲ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਕੋਵਿਡ ਕੇਅਰ ਦਾ ਜ਼ਿੰਮਾ ਸੌਂਪਿਆ ਗਿਆ ਹੈ। ਦੋਵੇਂ ਨੌਜਵਾਨ ਆਈ.ਏ.ਐਸ. ਅਫਸਰਾਂ ਨੂੰ ਸਬੰਧਿਤ ਜ਼ਿਲ੍ਹੇ ਵਿੱਚ ਤੀਜੇ ਦਰਜੇ (ਟਰਸ਼ਰੀ) ਦੇ ਕੋਵਿਡ ਹਸਪਤਾਲਾਂ ਦੇ ਇੰਚਾਰਜ ਦੇ ਨਾਲ-ਨਾਲ ਮੈਡੀਕਲ ਸਿੱਖਿਆ ਤੇ ਖੋਜ ਦੇ ਗੈਰ-ਸਰਕਾਰੀ ਵਧੀਕ ਸਕੱਤਰ ਬਣਾਇਆ ਗਿਆ ਹੈ।
ਇਹ ਅਧਿਕਾਰੀ ਆਪਣੇ ਮੌਜੂਦਾ ਕੰਮਕਾਜ ਤੋਂ ਇਲਾਵਾ ਇਨ੍ਹਾਂ ਕਾਰਜਾਂ ਨੂੰ ਦੇਖਣਗੇ। ਸੁਰਭੀ ਮਲਿਕ ਇਸ ਵੇਲੇ ਪਟਿਆਲਾ ਵਿਕਾਸ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਦੇ ਨਾਲ-ਨਾਲ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਵਜੋਂ ਤਾਇਨਾਤ ਹਨ ਜਦਕਿ ਹਿੰਮਾਸ਼ੂ ਅਗਰਵਾਲ ਅੰਮ੍ਰਿਤਸਰ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਤਾਇਨਾਤ ਹਨ।
ਇਸੇ ਤਰ੍ਹਾਂ ਵੱਖਰੇ ਹੁਕਮਾਂ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ ਨੂੰ ਨੋਡਲ ਅਫਸਰ ਨਿਯੁਕਤ ਕਰਕੇ ਜ਼ਿਲ੍ਹੇ ਵਿੱਚ  ਮਰੀਜ਼ ਦੇ ਪਾਜ਼ੇਟਿਵ ਆਉਣ ਤੋਂ ਲੈ ਕੇ ਇਲਾਜ/ਮੌਤ ਤੱਕ ਕੋਵਿਡ ਮਰੀਜ਼ਾਂ ਦੀ ਦੇਖਭਾਲ ਤੇ ਇਲਾਜ ਲਈ ਤਾਲਮੇਲ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ।—————-

LEAVE A REPLY

Please enter your comment!
Please enter your name here