ਕੈਪਟਨ ਨੇ ਏਮਜ਼ ਬਠਿੰਡਾ ‘ਚ ਕੋਵਿਡ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ, ਹਸਪਤਾਲ ਵੱਲੋਂ ਪ੍ਰਤੀ ਦਿਨ 180 ਟੈਸਟ ਕਰਨ ਦੀ ਸੁਵਿਧਾ ਹੋਵੇਗੀ ਸ਼ੁਰੂ

0
22

ਚੰਡੀਗੜ੍ਹ, 28 ਜੁਲਾਈ  (ਸਾਰਾ ਯਹਾ, ਬਲਜੀਤ ਸ਼ਰਮਾ) ਬਠਿੰਡਾ ਵਿਖੇ ਨਵਾਂ ਸਥਾਪਿਤ ਏਮਜ਼ ਆਉਂਦੇ ਦੋ ਹਫਤਿਆਂ ਦੇ ਅੰਦਰ ਪ੍ਰਤੀ ਦਿਨ 180 ਕੋਵਿਡ ਟੈਸਟਿੰਗ ਦੀ ਸਹੂਲਤ ਸ਼ੁਰੂ ਕਰਨ ਜਾ ਰਿਹਾ ਹੈ ਜਿਹੜੀ ਇਕ ਮਹੀਨੇ ਦੇ ਅੰਦਰ 500 ਟੈਸਟ ਪ੍ਰਤੀ ਦਿਨ ਤੱਕ ਵਧਾਈ ਜਾਵੇਗੀ।
ਹਸਪਤਾਲ ਵਿੱਚ ਅਗਲੇ ਇਕ ਮਹੀਨੇ ਦੇ ਅੰਦਰ 30 ਬਿਸਤਰਿਆਂ ਵਾਲੀ ਲੈਵਲ-2 ਕੋਵਿਡ ਸੰਭਾਲ ਸੁਵਿਧਾ ਛੇਤੀ ਹੀ ਸ਼ੁਰੂ ਹੋਵੇਗੀ। ਹਸਪਤਾਲ ਵਿੱਚ ਮੌਜੂਦਾ ਸਮੇਂ ਮਰੀਜ਼ਾਂ ਲਈ ਓ.ਪੀ.ਡੀ. ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਕੈਂਸਰ ਦੇ ਮਰੀਜ਼ਾਂ ਦੀ ਹੈ।
ਇਹ ਖੁਲਾਸਾ ਸਰਕਾਰੀ ਬੁਲਾਰੇ ਵੱਲੋਂ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਏਮਜ਼ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਤੇ ਸੀ.ਈ.ਓ. ਦਿਨੇਸ਼ ਕੁਮਾਰ ਸਿੰਘ ਤੇ ਹੋਰ ਅਧਿਕਾਰੀਆਂ ਨਾਲ ਕੋਵਿਡ ਸਬੰਧੀ ਹਸਪਤਾਲ ਦੀਆਂ ਤਿਆਰੀਆਂ ਅਤੇ ਹੋਰ ਸਬੰਧਤ ਮਾਮਲਿਆਂ ਦੀ ਸਮੀਖਿਆ ਕਰਨ ਲਈ ਸੱਦੀ ਮੀਟਿੰਗ ਉਪਰੰਤ ਕੀਤਾ ਗਿਆ ਹੈ।
ਇਸ ਹਸਪਤਾਲ ਨੂੰ ਪੰਜਾਬ ਦੀ ਬਹੁਤ ਹੀ ਮਹੱਤਵਪੂਰਨ ਸਿਹਤ ਸੰਸਥਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਠਿੰਡਾ ਏਮਜ਼ ਵੱਡੀ ਗਿਣਤੀ ਵਿੱਚ ਮਾਲਵਾ ਪੱਟੀ ਦੇ ਮਰੀਜ਼ਾਂ ਲਈ ਫਾਇਦੇਮੰਦ ਸਿੱਧ ਹੋਵੇਗਾ।
ਮੁੱਖ ਮੰਤਰੀ ਨੇ ਏਮਜ਼ ਟੀਮ ਨੂੰ ਸੂਬਾ ਸਰਕਾਰ ਵੱਲੋਂ ਕੋਵਿਡ ਸੰਭਾਲ ਸਬੰਧੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਿੱਥੇ ਕਿ ਮਹਾਂਮਾਰੀ ਕਾਰਨ ਉਸਾਰੀ ਅਤੇ ਹੋਰ ਕੰਮਾਂ ਵਿੱਚ ਦੇਰੀ ਹੋ ਗਈ ਹੈ।
ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਹਸਤਪਾਲ ਵੱਲੋਂ ਜਲਦ ਹੀ ਐਮ.ਆਰ.ਆਈ., ਸੀ.ਟੀ. ਸਕੈਨ ਤੇ ਐਕਸ ਰੇਅ ਸਹੂਲਤਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਜਦੋਂ ਕਿ ਐਮ.ਬੀ.ਬੀ.ਐਸ. ਕਾਲਜ  2019 ਬੈਚ ਵੀ ਸੂਬਾ ਸਰਕਾਰ ਵੱਲੋਂ ਮੁਹੱਈਆ ਕਰਵਾਏ 179 ਏਕੜ ਰਕਬੇ ਵਿੱਚ ਫੈਲੇ ਇਸ ਸੰਸਥਾਨ ਵਿੱਚ ਤਬਦੀਲ ਕੀਤਾ ਜਾਵੇਗਾ। 925 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਉਤੇ ਹੁਣ ਤੱਕ 325 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਸੂਬਾ ਸਰਕਾਰ ਕੋਵਿਡ ਦੇ ਇਲਾਜ ਸਬੰਧੀ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਖੜ੍ਹਾ ਕਰਨ ਲਈ ਏਮਜ਼ ਨੂੰ ਹਰ ਸਹਾਇਤਾ ਦੇਵੇਗੀ ਤਾਂ ਜੋ ਕੋਰੋਨਾ ਮਹਾਂਮਾਰੀ ਖਿਲਾਫ ਪੰਜਾਬ ਵੱਲੋਂ ਵਿੱਢੀ ਜੰਗ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਐਨ.ਐਚ. 54 ਤੋਂ ਏਮਜ਼ ਬਠਿੰਡਾ ਨੂੰ ਫਲਾਈਓਵਰ ਦੀ ਉਸਾਰੀ ਦੇ ਮੁੱਦੇ ਉਤੇ ਉਨ੍ਹਾਂ ਕਿਹਾ ਕਿ ਸਰਕਾਰ ਕੌਮੀ ਹਾਈਵੇਜ਼ ਅਥਾਰਟੀ ਕੋਲ ਇਹ ਮਾਮਲਾ ਉਠਾ ਰਹੀ ਹੈ। ਬੱਸ ਅੱਡੇ ਦੀ ਉਸਾਰੀ ਅਤੇ ਬੱਸਾਂ ਦੀ ਗਿਣਤੀ ਵਧਾਉਣ ਦੇ ਮਾਮਲੇ ਵਿੱਚ ਮੁੱਖ ਸਕੱਤਰ ਨੇ ਕਿਹਾ ਕਿ ਕੋਵਿਡ ਦੀਆਂ ਬੰਦਿਸ਼ਾਂ ਦੇ ਮੁਕੰਮਲ ਹਟਣ ਤੋਂ ਬਾਅਦ ਹੀ ਅਜਿਹਾ ਕੀਤਾ ਜਾਵੇਗਾ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਸ਼ਹਿਰ ਵਿੱਚ 7 ਫਾਇਰ ਟੈਂਡਰਾਂ ਵਾਲੀ ਇਕ ਫਾਇਰ ਬ੍ਰਿਗੇਡ ਹੈ ਜਿਹੜੀ ਸਿਰਫ 10 ਮਿੰਟ ਦੀ ਦੂਰੀ ‘ਤੇ ਤਿਆਰ ਹੈ। ਇਕ ਮੌਕ ਡਰਿੱਲ ਵੀ ਸਫਲਤਾਪੂਰਵਕ ਕੀਤੀ ਗਈ ਹੈ।
—–

LEAVE A REPLY

Please enter your comment!
Please enter your name here