ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਲੁਆਈ ਅਤੇ ਪਨੀਰੀ ਦੀ ਬਿਜਾਈ ਦਾ ਸਮਾਂ 10 ਦਿਨ ਅਗੇਤਾ ਕੀਤਾ

0
105

ਚੰਡੀਗੜ, 9 ਮਈ (ਸਾਰਾ ਯਹਾ,ਬਲਜੀਤ ਸ਼ਰਮਾ) : ਕਿਸਾਨਾਂ ਵੱਲੋਂ ਮਜ਼ਦੂਰਾਂ ਦੀ ਘਾਟ ਦੇ ਸਬੰਧ ਵਿੱਚ ਜ਼ਾਹਰ ਕੀਤੀਆਂ ਚਿੰਤਾਵਾਂ ’ਤੇ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਝੋਨੇ ਦੀ ਲੁਆਈ ਅਤੇ ਪਨੀਰੀ ਦੀ ਬਿਜਾਈ ਦੇ ਸਮਾਂ 10 ਦਿਨ ਅਗੇਤਾ ਕਰਨ ਦਾ ਐਲਾਨ ਕੀਤਾ ਹੈ।
ਝੋਨੇ ਦੀ ਪਨੀਰੀ ਦੀ ਬਿਜਾਈ ਹੁਣ 10 ਮਈ ਤੋਂ ਅਤੇ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋਵੇਗੀ ਜਦੋਂਕਿ ਇਸ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ’ਤੇ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਪਨੀਰੀ ਬੀਜਣ ਦੀ ਸ਼ੁਰੂਆਤ ਕਰਨ ਲਈ 20 ਮਈ ਅਤੇ ਝੋਨੇ ਦੀ ਲੁਆਈ ਲਈ 20 ਜੂਨ ਦੀ ਤਰੀਕ ਮਿੱਥੀ ਸੀ।
ਕੋਵਿਡ ਦੇ ਸੰਕਟ ਦੇ ਮੱਦੇਨਜ਼ਰ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਘਰਾਂ ਨੂੰ ਵਾਪਸੀ ਕਰਨ ਨਾਲ ਮਜ਼ਦੂਰਾਂ ਦੀ ਘਾਟ ਦੇ ਕਾਰਨ ਕਿਸਾਨਾਂ ਨੇ ਝੋਨੇ ਦੀ ਲੁਆਈ ਦੀਆਂ ਲੋੜਾਂ ਦੀ ਪੂਰਤੀ ਲਈ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਸਨ। ਇਨਾਂ ਚਿੰਤਾਵਾਂ ਨੂੰ ਭਲੀ ਭਾਂਤ ਸਮਝਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਲੁਆਈ ਦਾ ਸਮਾਂ ਅਗੇਤਾ ਕਰਨਾ ਕਿਸਾਨਾਂ ਦੇ ਹਿੱਤ ਵਿੱਚ ਹੋਵੇਗਾ।
ਝੋਨੇ ਦੀ ਸਿੱਧੀ ਬਿਜਾਈ ਦੇ ਆਧੁਨਿਕ ਅਮਲ ਦੇ ਨਾਲ-ਨਾਲ ਝੋਨੇ ਦੀ ਲੁਆਈ ਦੀਆਂ ਮਸ਼ੀਨੀ ਤਕਨੀਕਾਂ ਨੂੰ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੂੰ ਹੁਕਮ ਦਿੱਤੇ ਕਿ ਕਿਸਾਨਾਂ ਨੂੰ ਹਰੇਕ ਤਰਾਂ ਦੀ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਦੇ ਸਟਾਫ ਦੀਆਂ ਸੇਵਾਵਾਂ ਲਈਆਂ ਜਾਣ। ਉਨਾਂ ਕਿਹਾ ਕਿ ਝੋਨੇ ਦੀ ਲੁਆਈ ਅਤੇ ਸਿੱਧੀ ਬਿਜਾਈ ਦੀ ਮਸ਼ੀਨਰੀ ਨੂੰ ਪ੍ਰਭਾਵ ਢੰਗ ਨਾਲ ਵਰਤੋਂ ਵਿੱਚ ਲਿਆਉਣ ਲਈ ਕਿਸਾਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਇਹ ਅਗਾਂਹਵਧੂ ਤਕਨਾਲੋਜੀ ਮਜ਼ਦੂਰਾਂ ਦੀ ਘਾਟ ਨਾਲ ਪੈਦਾ ਹੋਏ ਖਲਾਅ ਨੂੰ ਪੂਰਨ ਵਿੱਚ ਬਹੁਤ ਸਹਾਈ ਹੋਵੇਗੀ।
ਝੋਨੇ ਦੀ ਸਮੇਂ ਸਿਰ ਬਿਜਾਈ ਨੂੰ ਯਕੀਨੀ ਬਣਾਉਣ ਖਾਤਰ ਕਿਸਾਨਾਂ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਇਸ ਸਮੇਂ ਦੌਰਾਨ ਖੇਤੀਬਾੜੀ ਖੇਤਰ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਸਹੂਲਤ ਲਈ ਜ਼ਰੂਰੀ ਪ੍ਰਬੰਧ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।  
  ਵਧੀਕ ਮੁੱਖ ਸਕੱਤਰ (ਵਿਕਾਸ) ਅਨੁਸਾਰ, ਕਿਉ ਜੋ ਕਿਸਾਨ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਕਿਸਮਾਂ ਅਪਣਾਉਦੇ ਹਨ ਜੋ 100 ਦਿਨਾਂ ਵਿੱਚ ਪੱਕ ਜਾਂਦੀਆਂ ਹਨ ਅਤੇ ਝੋਨੇ ਦੀ ਬਿਜਾਈ ਮੱਧ ਜੂਨ ਤੋਂ ਪਹਿਲਾਂ ਹੋਣ ਸਦਕਾ ਝੋਨੇ ਦੀ ਫਸਲ ਪਹਿਲਾਂ ਤਿਆਰ ਹੋ ਜਾਵੇਗੀ ਜਿਸ ਕਰਕੇ ਸਤੰਬਰ ਦੇ ਦੂਜੇ ਅੱਧ ਤੱਕ ਜਾਂਦੀ ਮੌਨਸੂਨ ਦੀਆਂ ਅਨਿਸ਼ਚਿਤ ਪ੍ਰਸਥਿਤੀਆਂ ਦਾ ਵੀ ਫਸਲ ’ਤੇ ਅਸਰ ਹੋ ਸਕਦਾ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਝੋਨੇ ਦੀ ਜਲਦ ਲੁਆਈ ਨਾਲ ਜ਼ਮੀਨ ਹੇਠਲੇ ਪਾਣੀ ਦੇ ਪਹਿਲਾਂ ਹੀ ਘਟ ਰਹੇ ਪੱਧਰ ‘ਤੇ ਹੋਰ ਵੀ ਅਸਰ ਪੈ ਸਕਦਾ ਹੈ।
ਸ੍ਰੀ ਖੰਨਾ ਨੇ ਕਿਹਾ ਕਿ ਇਹ ਵੀ ਸੰਭਾਵਨਾ ਹੈ ਕਿ ਸਥਾਨਕ ਕਿਰਤੀ ਵੀ ਝੋਨੇ ਦੀ ਲੁਆਈ ਦੇ ਕੰਮ ਲਈ ਅੱਗੇ ਆ ਸਕਦੇ ਹਨ ਜਿਵੇਂ ਕਿ ਕਣਕ ਦੇ ਖਰੀਦ ਕਾਰਜਾਂ ਦੌਰਾਨ ਵੇਖਿਆ ਗਿਆ ਸੀ।
——–

LEAVE A REPLY

Please enter your comment!
Please enter your name here