ਅੰਮ੍ਰਿਤਸਰ 30,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਕੋਰੋਨਾ ਨਾਲ ਹੋਈਆਂ ਮੌਤਾਂ ਕਾਰਨ ਕੇਂਦਰ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਸੀ ਪਰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਪਰਿਵਾਰ ਨੂੰ ਹਾਲੇ ਤਕ ਇਹ ਮੁਆਵਜ਼ਾ ਨਹੀਂ ਮਿਲਿਆ। ਸਰਕਾਰੀ ਹਸਪਤਾਲਾਂ ਨੇ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਪੁਸ਼ਟੀ ਬਾਬਤ ਦਸਤਾਵੇਜ਼ ਜ਼ਿਲ੍ਹਾ ਪ੍ਰਸ਼ਾਸ਼ਨ ਰਾਹੀਂ ਤੇ ਸਿਹਤ ਵਿਭਾਗ ਰਾਹੀਂ ਭੇਜ ਦਿੱਤੇ ਸਨ ਪਰ ਹਾਲੇ ਵੀ ਪਰਿਵਾਰ ਮੁਆਵਜ਼ੇ ਦੀ ਉਡੀਕ ‘ਚ ਹਨ।
ਅੰਮ੍ਰਿਤਸਰ ਦੀ ਮਜੀਠਾ ਰੋਡ ਦੇ ਰਹਿਣ ਵਾਲੇ 53 ਸਾਲਾਂ ਸੰਜੇ ਵਰਮਾ ਦੀ ਮੌਤ ਮਈ 2021 ਨੂੰ ਕੋਰੋਨਾ ਕਾਰਨ ਹੋਈ ਸੀ। ਪਰਿਵਾਰ ਨੇ ਇਲਾਜ ‘ਤੇ ਕਾਫੀ ਪੈਸੇ ਵੀ ਖਰਚੇ ਤੇ ਬਾਅਦ ਵਿੱਚ ਗੁਰੂ ਨਾਨਕ ਹਸਪਤਾਲ ‘ਚ ਸੰਜੇ ਦੀ ਮੌਤ ਹੋ ਗਈ। ਸੰਜੇ ਦੇ ਬੇਟੇ ਹੇਮੰਤ ਵਰਮਾ ਨੇ ਦੱਸਿਆ ਕਿ ਪਿਤਾ ਜੀ ਦੀ ਮੌਤ ਦੇ ਦਸਤਾਵੇਜ ਗੁਰੂ ਨਾਨਕ ਹਸਪਤਾਲ ਵਿੱਚ ਜਮ੍ਹਾਂ ਹਨ। ਪ੍ਰਬੰਧਕਾਂ ਨੇ ਕਿਹਾ ਸੀ ਕਿ ਉਹ ਮੁਆਵਜ਼ੇ ਸਬੰਧੀ ਦਸਤਾਵੇਜ਼ ਸਰਕਾਰ ਨੂੰ ਭੇਜ ਦੇਣਗੇ ਪਰ ਹਾਲੇ ਤਕ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ।
ਹੇਮੰਤ ਨੇ ਦੱਸਿਆ ਕਿ ਪਿਤਾ ਜੀ ਪ੍ਰਾਈਵੇਟ ਨੌਕਰੀ ਕਰਦੇ ਸਨ ਤੇ ਲੌਕਡਾਊਨ ਕਰਕੇ ਕੰਮ ਬੰਦ ਹੋ ਗਿਆ ਸੀ ਤੇ ਵਿਆਜ ‘ਤੇ ਪੈਸੇ ਲੈ ਕੇ ਪਹਿਲਾਂ ਨਿੱਜੀ ਹਸਪਤਾਲਾਂ ‘ਚੋਂ ਇਲਾਜ ਕਰਵਾਇਆ ਤੇ ਫਿਰ ਗੁਰੂ ਨਾਨਕ ਹਸਪਤਾਲ ਲੈ ਗਏ, ਜਿੱਥੇ ਪਿਤਾ ਦੀ ਮੌਤ ਹੋ ਗਈ। ਮੁਆਵਜੇ ਨਾਲ ਆਸ ਸੀ ਕਿ ਕਰਜਾ ਉੱਤਰ ਜਾਵੇਗਾ ਜੋ ਪਿਤਾ ਦੇ ਇਲਾਜ ਲਈ ਫੜਿਆ ਸੀ ਪਰ ਹਾਲੇ ਤਕ ਕੋਈ ਪੈਸਾ ਨਹੀਂ ਮਿਲਿਆ ਤੇ ਨਾ ਹੀ ਕੋਈ ਸਾਨੂੰ ਜਾਣਕਾਰੀ ਮਿਲ ਰਹੀ ਹੈ।
ਇਸੇ ਤਰ੍ਹਾਂ ਅੰਮ੍ਰਿਤਸਰ ਦੀ ਫਰੈਂਡਜ ਕਲੋਨੀ ਦੀ ਰਹਿਣ ਵਾਲੇ ਨਿਰਦੋਸ਼ ਪਥਰੀਆ (60 ਸਾਲ) ਦੀ ਜੂਨ 2020 ‘ਚ ਕੋਰੋਨਾ ਕਾਰਨ ਮੌਤ ਹੋਈ ਸੀ ਤਾਂ ਪਰਿਵਾਰ ਨੂੰ ਵੀ ਹਾਲੇ ਤਕ ਕੋਈ ਮੁਆਵਜਾ ਨਹੀਂ ਮਿਲਿਆ। ਨਿਰਦੋਸ਼ ਦੀ ਨੂੰਹ ਗੋਰਿਕਾ ਨੇ ਦੱਸਿਆ ਕਿ ਪਹਿਲਾਂ ਨਿੱਜੀ ਹਸਪਤਾਲਾਂ ਵਿੱਚ ਕਾਫੀ ਪੈਸੇ ਲੱਗੇ ਤੇ ਬਾਅਦ ‘ਚ ਗੁਰੂ ਨਾਨਕ ਹਸਪਤਾਲ ‘ਚ ਗਏ ਪਰ ਇਲਾਜ ਦੌਰਾਨ ਪਿਤਾ ਜੀ ਦੀ ਮੌਤ ਹੋ ਗਈ। ਕੋਰੋਨਾ ਕਾਰਨ ਲੌਕਡਾਊਨ ‘ਚ ਕਾਰੋਬਾਰ ਬੰਦ ਸੀ ਪਰ ਫਿਰ ਔਖੇ ਹੋ ਕੇ ਇਲਾਜ ਕਰਵਾਇਆ ਤੇ ਸਰਕਾਰ ਦੇ ਮੁਆਵਜੇ ਨਾਲ ਆਸ ਸੀ ਕਿ ਕੋਈ ਰਾਹਤ ਮਿਲੇਗੀ ਪਰ ਸਰਕਾਰ ਨੇ ਇਕ ਪੈਸਾ ਵੀ ਨਹੀਂ ਦਿੱਤਾ। ਪਰਿਵਾਰਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਮੁਆਵਜਾ ਜਾਰੀ ਕਰੇ।