ਕੇਂਦਰ ਪੰਜਾਬੀ ਕਿਸਾਨਾਂ ਅਤੇ ਜਵਾਨਾਂ ਦਾ ਸਹੀ ਮੁੱਲ ਨਹੀਂ ਪਾ ਰਿਹਾ

0
25

ਮਾਨਸਾ  19 ਜੂਨ (ਸਾਰਾ ਯਹਾ/ ਬਪਸ): ਕੇਂਦਰ ਸਰਕਾਰ ਨੇ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਦਾ ਸਹੀ ਮੁੱਲ ਨਹੀਂ ਪਾਇਆ ਅੱਜ ਪੰਜਾਬ ਦਾ ਕਿਸਾਨ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਆਰਥਿਕ ਤੰਗੀ ਨਾਲ ਜੂਝਦਾ ਖ਼ੁਦਕੁਸ਼ੀਆਂ ਕਰ ਰਿਹਾ ਹੈ ਜਦਕਿ ਪੰਜਾਬ ਦਾ ਜਵਾਨ ਦੇਸ਼ ਦੀ ਰਾਖੀ ਕਰਦਿਆਂ ਸਰਹੱਦਾਂ ਤੇ ਸ਼ਹੀਦ ਹੋ ਰਿਹਾ ਹੈ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਤੇ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਵਿੱਚ ਅੱਧੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ ਤੇ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪੰਜਾਬੀਆਂ ਵੱਲੋਂ ਦਿੱਤਾ ਗਿਆ ਹੈ ਪਰ ਬਦਲੇ ਚ ਪੰਜਾਬ ਨਾਲ ਜੋ ਕੇਂਦਰ ਵੱਲੋਂ ਵਿਤਕਰੇ ਕੀਤੇ ਜਾ ਰਹੇ ਹਨ। ਉਨ੍ਹਾਂ ਬਾਰੇ ਅਕਾਲੀ-ਭਾਜਪਾ ਤੇ ਕਾਂਗਰਸ ਆਦਿ ਪਾਰਟੀਆਂ ਦੇ ਆਗੂ ਚੁੱਪ ਕਿਉਂ ਹਨ।ਆਖਰ ਉਹ ਆਪਣੇ ਹੱਕ ਕਿਉਂ ਨਹੀਂ ਮੰਗ ਰਹੇ। ਕਿਉਂ ਪੰਜਾਬ ਦੀ ਖਤਮ ਹੋ ਰਹੀ ਕਿਸਾਨੀ ਅਤੇ ਜਵਾਨੀ  ਨੂੰ ਸਭਾਲਿਆਂ ਨਹੀਂ ਜਾ ਰਿਹਾ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਨੇਮ ਚੰਦ ਚੌਧਰੀ ਨੇ ਪੱਤਰਕਾਰਾਂ ਕੋਲ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਸਬੰਧਿਤ ਮਹਿਕਮੇ ਵੱਲੋਂ ਹਰੀ ਕ੍ਰਾਂਤੀ ਦਾ ਨਾਅਰਾ ਲਾ ਕੇ ਪੰਜਾਬੀ ਕਿਸਾਨਾਂ ਤੋਂ ਮਣਾਂ ਮੂੰਹੀਂ ਖੇਤਾਂ ਵਿੱਚ ਫਰਟੀਲਾਈਜ਼ਰ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਵਾਈ ਗਈ ਜਿਸ ਨਾਲ ਦੇਸ਼ ਦੇ ਅੰਨ ਭੰਡਾਰ ਤਾਂ ਬੇਸ਼ੱਕ ਭਰ ਦਿੱਤੇ ਗਏ ਪਰ ਜੋ ਪੰਜਾਬ ਵਿੱਚ ਭਿਆਨਕ ਬਿਮਾਰੀਆਂ ਕਿਸਾਨਾਂ ਤੇ ਆਮ ਲੋਕਾਂ ਵਿੱਚ ਫੈਲੀਆਂ ਉਨ੍ਹਾਂ ਦੇ ਇਲਾਜ ਲਈ ਕੇਂਦਰ ਨੇ ਪੰਜਾਬੀਆਂ ਲਈ ਕੁੱਝ ਵੀ ਨਹੀਂ ਕੀਤਾ ਅਤੇ ਨਾ ਹੀ ਸੂਬੇ ਦੀ ਅਗਵਾਹੀ ਕਰਦੀਆਂ ਪਾਰਟੀਆਂ ਨੇ ਅੱਜ ਤੱਕ ਸੂਬੇ ਦੇ ਲੋਕਾਂ ਬਾਰੇ ਸੋਚਿਆ ਹੈ। ਸੂਬੇ ਵਿੱਚ ਰਾਜ ਕਰ ਚੁੱਕੀਆਂ ਜਾਂ ਕਰ ਰਹੀਆਂ ਅਕਾਲੀ ਅਤੇ ਕਾਂਗਰਸ ਦੋਵੇਂ ਪਾਰਟੀਆਂ ਨੇ ਸਿਰਫ ਆਪਣੇ ਹਿੱਤਾਂ ਨੂੰ ਪਹਿਲ ਦਿੱਤੀ ਹੈ ਉਨ੍ਹਾਂ ਸੂਬੇ ਨੂੰ ਅਤੇ ਸੂਬੇ ਦੇ ਲੋਕਾਂ ਨੂੰ ਹਮੇਸ਼ਾ ਹੀ ਨਕਾਰਿਆ ਹੈ ਅੱਜ ਸੂਬੇ ਦੇ ਹਾਲਾਤ ਬਹੁਤ ਤਰਸਯੋਗ ਹਨ। ਸੂਬੇ ਵਿੱਚ ਬੇਰੁਜ਼ਗਾਰੀ ਹੱਦਾਂ ਪਾਰ ਕਰ ਚੁੱਕੀ ਹੈ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦਾ ਸਾਧਨ ਸਿਰਫ ਤੇ ਸਿਰਫ ਫੌਜ ਹੀ ਰਹਿ ਗਈ ਹੈ ਬਾਰਡਰ ਉਪਰ ਰੋਜ਼ਾਨਾ ਹੀ ਪੰਜਾਬੀ ਨੌਜਵਾਨ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ  ਸ਼ਹੀਦ ਹੋ ਰਹੇ ਹਨ ਪਰ ਸਰਕਾਰਾਂ ਸ਼ਹੀਦੀ ਦਾ ਮੁੱਲ ਨਹੀਂ ਪਾ ਰਹੀਆਂ ਸਗੋਂ ਆਪਣੀਆਂ ਰਾਜਨੀਤਕ ਰੋਟੀਆਂ ਸੇਕ ਰਹੀਆਂ ਹਨ ਅਕਾਲੀ ਭਾਜਪਾ ਅਤੇ ਕਾਂਗਰਸੀ ਸੂਬੇ ਦੇ ਹੱਕਾਂ ਲਈ ਆਵਾਜ਼ ਨਹੀਂ ਉਠਾ ਰਹੇ ਪਤਾ ਨਹੀਂ ਉਹ ਕਿਉਂ ਚੁੱਪ ਹਨ। ਉਨ੍ਹਾਂ ਸਮੂਹ ਸੂਬਾ ਵਾਸੀਆਂ ਵੱਖ ਵੱਖ ਰਾਜਨੀਤਕ ਪਾਰਟੀਆਂ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਾਰੇ ਇਕਮੁੱਠ ਹੋ ਕੇ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਤੇ ਇਕੱਠੇ ਹੋ ਕੇ ਕੇਂਦਰ ਤੋਂ ਸੂਬੇ ਦੇ ਬਣਦੇ ਹੱਕ ਮੰਗੇ ਜਾਣ। ਦੇਸ਼ ਨਿਰਮਾਣ ਵਿੱਚ, ਦੇਸ਼ ਦੀ ਰੱਖਿਆ ਵਿੱਚ ਅਤੇ ਦੇਸ਼ ਦੇ ਅੰਨ ਭੰਡਾਰ ਵਿੱਚ ਪੰਜਾਬੀਆਂ ਨੇ ਜੋ ਯੋਗਦਾਨ ਪਾਇਆ ਹੋਇਆ ਹੈ ਉਸ ਦੇ ਮੁਤਾਬਕ ਪੰਜਾਬ ਨੂੰ ਉਸ ਦਾ ਬਣਦਾ ਹੱਕ ਦਿੱਤਾ ਜਾਵੇ ਤਾਂ ਕਿ ਪੰਜਾਬੀ ਲੋਕ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ।

NO COMMENTS