ਕਿੱਥੇ ਗਾਇਬ ਹੋਏ 267 ਪਾਵਨ ਸਰੂਪ? ਸਵਾਲਾਂ ਦੇ ਘੇਰੇ ‘ਚ ਸ਼੍ਰੋਮਣੀ ਕਮੇਟੀ

0
24

ਅੰਮ੍ਰਿਤਸਰ 28 ਜੂਨ  (ਸਾਰਾ ਯਹਾ/ਬਿਓਰੋ ਰਿਪੋਰਟ) : ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿਚੋਂ 267 ਪਾਵਨ ਸਰੂਪ ਘੱਟ ਹੋਣ ਦਾ ਦੋਸ਼ ਲਾਉਂਦਿਆਂ ਸੰਸਥਾ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਇਸ ਸਬੰਧੀ ਵਿਚ ਪੰਜਾਬ ਸਰਕਾਰ ਨੂੰ ਜਾਣੂ ਕਰਵਾ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਪੰਜਾਬ ਸਰਕਾਰ ਨੂੰ ਭੇਜੇ ਇਸ ਪੱਤਰ ਵਿਚ ਸੰਗਠਨ ਦੇ ਮੁੱਖ ਜਾਂਚਕਰਤਾ ਸਰਬਜੀਤ ਸਿੰਘ ਵੇਰਕਾ ਦਾ ਇਲਜ਼ਾਮ ਹੈ ਕਿ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿਚੋਂ 267 ਪਾਵਨ ਸਰੂਪ ਘੱਟ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਨ੍ਹਾਂ ਵਿਚੋਂ ਕਈ ਸਰੂਪ 18-19 ਮਈ, 2016 ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਸ੍ਰੀ ਰਾਮਸਰ ਵਿਖੇ ਬਣੇ ਭਵਨ ਵਿਚ ਅੱਗ ਲੱਗਣ ਨਾਲ ਅਗਨ ਭੇਟ ਹੋ ਗਏ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਦਬਾ ਲਿਆ ਗਿਆ ਸੀ ਤੇ ਇਹ ਮਾਮਲਾ ਹੁਣ ਉਸ ਵੇਲੇ ਉੱਭਰ ਕੇ ਸਾਹਮਣੇ ਆਇਆ ਹੈ ਜਦੋਂ ਸਬੰਧਤ ਵਿਭਾਗ ਦਾ ਇਕ ਕਰਮਚਾਰੀ ਸੇਵਾ ਮੁਕਤ ਹੋਇਆ ਤੇ ਉਸ ਨੇ ਕਾਰਜਭਾਰ ਹੋਰ ਕਰਮਚਾਰੀ ਨੂੰ ਸੌਂਪਿਆ। ਉਸ ਵੇਲੇ ਰਿਕਾਰਡ ਵਿਚ 267 ਸਰੂਪ ਘੱਟ ਪਾਏ ਗਏ ਹਨ।

ਸੰਗਠਨ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਅੱਗ ਨਾਲ ਵੱਡੀ ਗਿਣਤੀ ਵਿਚ ਪਾਵਨ ਸਰੂਪ ਅਗਨ ਭੇਟ ਹੋਏ ਸਨ। ਇਸੇ ਤਰ੍ਹਾਂ ਕਈ ਸਰੂਪ ਪਾਣੀ ਦੀਆਂ ਬੌਛਾਰਾਂ ਨਾਲ ਵੀ ਨੁਕਸਾਨੇ ਗਏ ਸਨ। ਇਨ੍ਹਾਂ ਦਾ ਬਾਅਦ ਵਿਚ ਗੋਇੰਦਵਾਲ ਵਿਖੇ ਸਸਕਾਰ ਕਰ ਦਿੱਤਾ ਗਿਆ। ਵੱਡਾ ਸਵਾਲ ਇਹ ਹੈ ਕਿ ਇਨ੍ਹਾਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਗਿਆ।

ਉਨ੍ਹਾਂ ਦਾ ਕਹਿਣਾ ਕਿ ਸਿਆਸੀ ਫਾਇਦੇ ਲਈ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦੀ ਕਾਰਵਾਈ ਨੂੰ ਦਬਾਉਣਾ ਵੱਡਾ ਪਾਪ ਹੈ। ਉਨ੍ਹਾਂ ਇਸ ਮਾਮਲੇ ‘ਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।

ਦੂਜੇ ਪਾਸੇ ਸ਼ੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ ਦਾ ਕਹਿਣਾ ਹੈ ਕਿ ਅੱਗ ਤੇ ਪਾਣੀ ਨਾਲ ਨੁਕਸਾਨੇ ਪਾਵਨ ਸਰੂਪਾਂ ਬਾਰੇ ਗਲਤ ਅੰਕੜੇ ਦਿੱਤੇ ਜਾ ਰਹੇ ਹਨ। ਉਨ੍ਹਾਂ ਨਰਾਜ਼ਗੀ ਜਤਾਈ ਕਿ ਸਰਕਾਰ ਨੂੰ ਪੱਤਰ ਭੇਜਣ ਤੋ ਪਹਿਲਾਂ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਸੀ।

LEAVE A REPLY

Please enter your comment!
Please enter your name here