ਸਿੰਘੂ ਬਾਰਡਰ 31, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਪੁਲਿਸ ਤੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਭਲਕੇ ਪੰਜ ਵਜੇ ਤੱਕ ਕਮੇਟੀ ਦੇ ਚਾਰੋਂ ਪਾਸਿਓਂ ਲਾਈਆਂ ਰੋਕਾਂ ਤੇ ਬੈਰੀਕੇਡਿੰਗ ਨੂੰ ਪੁਲਿਸ ਹਟਾ ਲਵੇ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਕੋਲ ਇਨ੍ਹਾਂ ਰੋਕਾਂ ਨੂੰ ਹਟਾਉਣ ਲਈ ਸਾਰੇ ਬਦਲ ਖੁੱਲੇ ਹਨ, ਜਿਨ੍ਹਾਂ ਨੂੰ ਖੁਦ ਕਿਸਾਨ ਵੀ ਇਹ ਰੋਕਾਂ ਖੁਲਵਾਉਣ ਲਈ ਅੱਗੇ ਆਉਣਗੇ ਤੇ ਨਾਲ ਹੀ ਕਾਨੂੰਨੀ ਰਸਤਾ ਵੀ ਅਖਤਿਆਰਿਆ ਜਾਵੇਗਾ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇੱਥੇ ਪੁਲਿਸ ਤੇ ਸਰਕਾਰ ਰੋਕਾਂ ਲਗਾ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ। ਨਾਲ ਹੀ ਸੰਵਿਧਾਨ ਦੀ ਧਾਰਾ 19 ਤਹਿਤ ਲੋਕਾਂ ਨੂੰ ਮਿਲੇ ਅਧਿਕਾਰਾਂ ਨੂੰ ਵੀ ਇਸਤੇਮਾਲ ਨਹੀਂ ਕਰਨ ਦੇ ਰਹੀ।
ਪੰਧੇਰ ਨੇ ਦਿੱਲੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੇ ਪੰਜਾਬ ਦੇ ਲਾਪਤਾ ਨੌਜਵਾਨਾਂ ਨੂੰ ਕਾਨੂੰਨੀ ਲੜਾਈ ਉਪਲੱਬਧ ਕਰਵਾਉਣ ਲਈ ਅੱਜ 19 ਮੈਂਬਰੀ ਕਾਨੂੰਨੀ ਵਿੰਗ ਦਾ ਗਠਨ ਕੀਤਾ ਹੈ। ਇਹ ਪੰਜਾਬ ਤੋਂ ਆ ਕੇ ਮੁਫਤ ਸੇਵਾਵਾਂ ਮੁਹੱਈਆ ਕਰਵਾਉਣਗੇ ਤੇ ਸਾਰੀ ਟੀਮ ਸਿੰਘੂ ਬਾਰਡਰ ਪੁੱਜ ਚੁੱਕੀ ਹੈ।