
ਚੰਡੀਗੜ੍ਹ/ਨਵੀਂ ਦਿੱਲੀ 26ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਕਾਰਨ ਅੱਜ ਦਿੱਲੀ ਨਾਲ ਲੱਗਦੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਕੁਝ ਸਰਹੱਦਾਂ ਬੰਦ ਰਹਿਣਗੀਆਂ। ਕੋਰੋਨਾ ਦੇ ਵਧ ਰਹੇ ਕੇਸਾਂ ਤੇ ਦਿੱਲੀ ਸਰਕਾਰ ਵੱਲੋਂ ਲਾਏ ਗਏ ਲੌਕਡਾਊਨ ਦੇ ਬਾਵਜੂਦ, ਕਿਸਾਨਾਂ ਨੇ ਆਪਣਾ ਅੰਦੋਲਨ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਸਿੰਘੂ ਬਾਰਡਰ ‘ਤੇ ਇੱਕ ਪਾਸਿਓਂ ਰਸਤਾ ਸਾਫ ਕਰ ਦਿੱਤਾ ਹੈ।
ਐਤਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਦਿੱਲੀ ਪੁਲਿਸ ਨੂੰ ਭੇਜੇ ਪੱਤਰ ਵਿੱਚ ਕਿਹਾ ਕਿ ਆਕਸੀਜਨ ਟੈਂਕਰਾਂ ਤੇ ਐਂਬੂਲੈਂਸਾਂ ਵਰਗੀਆਂ ਜ਼ਰੂਰੀ ਸੇਵਾਵਾਂ ਲਈ, ਦਿੱਲੀ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਬੈਰੀਕੇਡਾਂ ਨੂੰ ਹਟਾ ਕੇ ਰਸਤਾ ਸਾਫ਼ ਕਰਨ। ਗਾਜ਼ੀਪੁਰ ਸਰਹੱਦ ਉੱਤਰ ਪ੍ਰਦੇਸ਼ ਤੋਂ ਦਿੱਲੀ ਆਉਣ ਵਾਲਿਆਂ ਲਈ ਬੰਦ ਕੀਤੀ ਗਈ ਹੈ। ਟ੍ਰੈਫਿਕ ਪੁਲਿਸ ਦੇ ਅਨੁਸਾਰ, ਆਨੰਦ ਵਿਹਾਰ, ਡੀਐਨਡੀ, ਲੋਨੀ ਡੀਐਨਡੀ ਤੇ ਅਪਸਰਾ ਬਾਰਡਰ ਤੋਂ ਦਿੱਲੀ ਆ ਸਕਦੇ ਹੋ। ਇਸ ਦੇ ਨਾਲ ਹੀ, ਚਿਲਾ ਬਾਰਡਰ ਰਾਹੀਂ ਉੱਤਰ ਪ੍ਰਦੇਸ਼ ਤੋਂ ਦਿੱਲੀ ਆਉਣ ਦਾ ਰਸਤਾ ਵੀ ਖੁੱਲ੍ਹਾ ਹੈ।
ਉੱਥੇ ਹੀ ਦਿੱਲੀ ਹਰਿਆਣਾ ਸਰਹੱਦ ਦੀ ਗੱਲ ਕਰੀਏ ਤਾਂ ਸਿੰਘੂ, ਟਿੱਕਰੀ, ਪੀਆਉ ਮਨਯੇਰੀ, ਸਬੋਲੀ ਤੇ ਮੰਗੇਸ਼ ਸਾਰੇ ਹੀ ਬਾਰਡਰ ਦੋਵਾਂ ਪਾਸਿਆਂ ਤੋਂ ਬੰਦ ਹਨ। ਟ੍ਰੈਫਿਕ ਪੁਲਿਸ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਲਾਂਪੁਰ ਸਫਿਆਬਾਦ, ਪੱਲਾ ਤੇ ਸਿੰਘੂ ਸਕੂਲ ਟੋਲ ਟੈਕਸ ਸਰਹੱਦ ਵੱਲ ਇੱਕ ਬਦਲਵਾਂ ਰਸਤਾ ਅਪਣਾਉਣ। ਟ੍ਰੈਫਿਕ ਨੂੰ ਮੁਕਰਬਾ ਤੇ ਜੀਟੀ ਰੋਡ ਤੋਂ ਡਾਈਵਰਟ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਯਾਤਰੀ ਹੋਰ ਸਰਹੱਦਾਂ ਜਿਵੇਂ ਕਿ ਦਿੱਲੀ-ਗੁੜਗਾਓਂ ਤੇ ਦਿੱਲੀ-ਫਰੀਦਾਬਾਦ ਮਾਰਗਾਂ ਦੀ ਵਰਤੋਂ ਵੀ ਕਰ ਸਕਦੇ ਹਨ। ਨਾਲ ਹੀ ਐਤਵਾਰ ਨੂੰ ਦਿੱਲੀ ਪੁਲਿਸ ਨੇ ਮੇਰਠ ਐਕਸਪ੍ਰੈਸ ਵੇਅ ‘ਤੇ ਦਿੱਲੀ ਤੋਂ ਉੱਤਰ ਪ੍ਰਦੇਸ਼ ਜਾਣ ਵਾਲੀ ਐਂਬੂਲੈਂਸ ਲਈ ਰਾਹ ਖੋਲ੍ਹ ਦਿੱਤਾ ਹੈ।
