*ਕਾਂਗਰਸ ਦੇ 17 ਵਿਧਾਇਕਾਂ ਦੀਆਂ ਕੱਟੀਆਂ ਜਾ ਸਕਦੀਆਂ ਟਿਕਟਾਂ, ਇਨ੍ਹਾਂ ਲੀਡਰਾਂ ਨੂੰ ਲੱਗ ਸਕਦਾ ਝਟਕਾ*

0
379

ਨਵੀਂ ਦਿੱਲੀ 24,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ 17 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ। ਸੂਤਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਲੀਡਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕਾਂਗਰਸ ਅੰਦਰ ਚਰਚਾ ਹੈ ਕਿ ਇਹ ਵਿਧਾਇਕ ਜਿੱਤਣ ਦੀ ਹਾਲਤ ਵਿੱਚ ਨਹੀਂ ਕਿਉਂਕਿ ਕੈਪਟਨ ਨਾਲ ਖੜ੍ਹੇ ਹੋਣ ਕਰਕੇ ਇਨ੍ਹਾਂ ਖਿਲਾਫ ਰੋਹ ਹੈ।

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਵਿੱਚ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਹੋਈ ਹੈ। ਇਸ ਮੀਟਿੰਗ ਤੋਂ ਬਾਅਦ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕਾਂਗਰਸ ਪਾਰਟੀ (Congress) ਪੰਜਾਬ ਦੇ ਕਰੀਬ 17 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਸਕਦੀ ਹੈ। ਸਕਰੀਨਿੰਗ ਕਮੇਟੀ ਵਿੱਚ ਪੰਜਾਬ ਕਾਂਗਰਸ ਦੇ ਕਈ ਦਿੱਗਜ ਆਗੂ ਸ਼ਾਮਲ ਹੋਏ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੀ ਸੂਚੀ ਜਲਦੀ ਹੀ ਜਾਰੀ ਕੀਤੀ ਜਾ ਸਕਦੀ ਹੈ।

ਸੂਤਰਾਂ ਅਨੁਸਾਰ ਇਸ ਵਾਰ ਕਾਂਗਰਸ 60 ਦੇ ਕਰੀਬ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦੇ ਕੇ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 78 ਸੀਟਾਂ ਜਿੱਤੀਆਂ ਸਨ। ਇਨ੍ਹਾਂ ਵਿੱਚੋਂ 17 ਅਜਿਹੇ ਵਿਧਾਇਕ ਹਨ ਜਿਨ੍ਹਾਂ ਨੂੰ ਮੁੜ ਟਿਕਟ ਮਿਲਣ ਦੀ ਸੰਭਾਵਨਾ ਨਹੀਂ। ਜ਼ਿਆਦਾਤਰ ਵਿਧਾਇਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੱਸੇ ਜਾਂਦੇ ਹਨ। ਪਾਰਟੀ ਦੇ ਸੀਨੀਅਰ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਪਹਿਲੀ ਸੂਚੀ ਜਲਦੀ ਹੀ ਜਾਰੀ ਕੀਤੀ ਜਾ ਸਕਦੀ

ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਇੰਚਾਰਜ ਹਰੀਸ਼ ਚੌਧਰੀ, ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਜੇ ਮਾਕਨ, ਪੰਜਾਬ ਦੇ ਸੀਨੀਅਰ ਆਗੂ ਸੁਨੀਲ ਜਾਖੜ ਸਮੇਤ ਕਈ ਹੋਰ ਸੰਸਦ ਮੈਂਬਰ ਮੌਜੂਦ ਸਨ। ਖਾਸ ਗੱਲ ਇਹ ਹੈ ਕਿ ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਹੋਏ। ਉਮੀਦ ਹੈ ਕਿ ਅਗਲੇ ਮਹੀਨੇ ਤੱਕ ਕਾਂਗਰਸ ਪੰਜਾਬ ਵਿਧਾਨ ਸਭਾ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦੇਵੇਗੀ।

ਦਰਅਸਲ, ਇਸ ਵਾਰ ਕਾਂਗਰਸ ਨੂੰ ਚੋਣ ਜਿੱਤਣ ਵਾਲੇ ਟਿਕਾਊ ਉਮੀਦਵਾਰ ਦੀ ਤਲਾਸ਼ ਹੈ। ਇਸ ਦੇ ਲਈ ਕਾਂਗਰਸ ਹਾਈਕਮਾਂਡ ਨੇ ਸਕਰੀਨਿੰਗ ਕਮੇਟੀ ਦਾ ਗਠਨ ਕਰਕੇ ਆਪਣੇ ਅਹੁਦੇਦਾਰਾਂ ਨੂੰ ਜ਼ਿਲ੍ਹਿਆਂ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਹਨ। ਇਸ ਚੋਣ ਪ੍ਰਕਿਰਿਆ ਵਿੱਚ ਸਰਵੇਖਣ ਰਿਪੋਰਟ ਦੀ ਭੂਮਿਕਾ ਵੀ ਅਹਿਮ ਰਹਿਣ ਵਾਲੀ ਹੈ। ਕਾਂਗਰਸ ਨੇ ਵੀ ਕਈ ਤਰ੍ਹਾਂ ਦੇ ਸਰਵੇਖਣ ਕਰਵਾਏ ਹਨ। ਸਕਰੀਨਿੰਗ ਕਮੇਟੀ ਦੇ ਚੇਅਰਮੈਨ ਕੋਲ ਇਨ੍ਹਾਂ ਸਾਰੇ ਲੋਕਾਂ ਦੀ ਰਿਪੋਰਟ ਵੀ ਹੈ। ਜ਼ਮੀਨੀ ਫੀਡਬੈਕ ਤੇ ਸਰਵੇਖਣ ਰਿਪੋਰਟ ਨੂੰ ਮਿਲਾ ਕੇ ਦਾਅਵੇਦਾਰਾਂ ਦੇ ਦਾਅਵਿਆਂ ਦੀ ਸੱਚਾਈ ਦੀ ਜਾਂਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here