ਮਾਨਸਾ, 10 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) ) ਜਿੱਥੇ ਇੱਕ ਪਾਸੇ ਵਿਸ਼ਵ ਭਰ ‘ਚ ਗੰਭੀਰ ਮਹਾਂਮਾਰੀ ਕਰੋਨਾ ਦੇ ਮੱਦੇਨਜ਼ਰ ਦੇਸ਼ ਭਰ ਦੇ ਸਕੂਲ ਬੰਦ ਹੋਣ ਕਾਰਨ ਸਿੱਖਿਆ ਪ੍ਰਭਾਵਿਤ ਹੋ ਰਹੀ ਹੈ, ਉੱਥੇ ਸਰਕਾਰੀ ਸੈਕੰਡਰੀ ਸਕੂਲ ਆਲਮਪੁਰ ਮੰਦਰਾਂ ਦੀ ਪੰਜਾਬੀ ਅਧਿਆਪਕਾ ਰਾਜਿੰਦਰ ਕੌਰ ਵਿਦਿਆਰਥੀਆਂ ਲਈ ਵੱਡੀ ਆਸ ਦੀ ਕਿਰਨ ਬਣ ਰਹੀ ਹੈ, ਜੋ ਪਿੰਡ ਪਿੰਡ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਲੋੜੀਂਦੀ ਸਟੇਸ਼ਨਰੀ ਵੰਡ ਰਹੀ ਹੈ।
ਇਹ ਅਧਿਆਪਕਾ ਆਪਣੇ ਕੋਲੋਂ ਪਿੰਡ ਆਲਮਪੁਰ ਮੰਦਰਾਂ ਦੇ ਘਰੋਂ ਘਰੀਂ ਜਾ ਕੇ ਬੱਚਿਆਂ ਨੂੰ ਸਟੇਸ਼ਨਰੀ ਜਿਵੇਂ ਚਾਰਟ, ਪੈੱਨ, ਪੈਨਸਿਲਾਂ, ਕਾਪੀਆਂ, ਕੱਲਰ, ਡਰਾਇੰਗ ਆਦਿ ਨਾਲ ਮੁਹੱਈਆ ਕਿੱਟ ਉਪਲੱਬਧ ਕਰਵਾ ਰਹੀ ਹੈ ਤਾਂ ਜੋ ਕਰੋਨਾ ਦੀ ਇਹ ਆਫਤ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਕੋਈ ਔਕੜ ਨਾ ਪਾ ਸਕੇ। ਇਹ ਅਧਿਆਪਕ ਆਲਮਪੁਰ ਮੰਦਰਾਂ ਤੋਂ ਬਾਅਦ ਉੱਡਤ ਸੈਦੇਵਾਲਾ ਅਤੇ ਕਾਸਮਪੁਰ ਛੀਨੇ ਵਿੱਚ ਵੀ ਇਸ ਨੇਕ ਕਾਰਜ ਤੇ ਜੁਟ ਗਈ ਹੈ। ਰਾਸਤੇ ਵਿੱਚ ਜਿੱਥੇ ਕਿਤੇ ਵੀ ਕੋਈ ਵੀ ਸਕੂਲੀ ਬੱਚਾ ਇਸ ਅਧਿਆਪਕਾ ਦੇ ਸਾਹਮਣੇ ਆ ਜਾਂਦਾ ਹੈ, ਭਾਵੇਂ ਉਹ ਕਿਸੇ ਵੀ ਸਕੂਲ ਦਾ ਹੋਵੇ, ਇਹ ਅਧਿਆਪਕਾ ਉੱਥੇ ਹੀ ਬੱਚਿਆਂ ਨੂੰ ਸਟੇਸ਼ਨਰੀ ਦੇ ਕੇ ਪੜ੍ਹਾਈ ਲਈ ਉਤਸ਼ਾਹਿਤ ਕਰਦੀ ਹੈ। ਇੱਥੇ ਇਹ ਵੀ ਜਿਕਰਯੋਗ ਹੈ ਜਿੱਥੇ ਇਹ ਅਧਿਆਪਕ ਆਪਣੇ ਕੋਲੋਂ ਪੈਸੇ ਖਰਚ ਕੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਰਹੀ ਹੈ, ਉੱਥੇ ਉਹ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਵਿੱਚ ਵੀ ਜ਼ਿਲ੍ਹੇ ਵਿੱਚ ਆਪਣਾ ਮੋਹਰੀ ਸਥਾਨ ਅਦਾ ਕਰ ਰਹੀ ਹੈ। ਉਹ ਰੋਜ਼ਾਨਾਂ ਬੱਚਿਆਂ ਦੇ ਸੋਸ਼ਲ ਮੀਡੀਆ, ਵਟਸਐਪ, ਫੋਨ ਰਾਹੀਂ ਰੂਬਰੂ ਹੋ ਕੇ ਉਨ੍ਹਾਂ ਨੂੰ ਪੜ੍ਹਾਈ ਕਰਵਾ ਰਹੀ ਹੈ। ਪਿਛਲੇ ਦਿਨੀਂ ਮੈਡਮ ਰਾਜਿੰਦਰ ਕੌਰ ਦਾ ਦੁਆਬਾ ਰੇਡੀਓ ਤੇ ਪੰਜਾਬੀ ਦੇ ਵਿਆਕਰਨ ਵਿਸ਼ੇ ਦਾ ਇੱਕ ਵਿਸ਼ੇਸ਼ ਲੈਕਚਰ ਵੀ ਪ੍ਰਸਾਰਿਤ ਹੋਇਆ ਸੀ। ਜੋ ਕਿ ਘਰਾਂ ਵਿੱਚ ਬੈਠੇ ਪੰਜਾਬ ਦੇ ਅਨੇਕਾਂ ਵਿਦਿਆਰਥੀਆਂ ਨੂੰ ਅਹਿਮ ਸਹਾਈ ਹੋਇਆ ਹੈ। ਇਸ ਅਧਿਆਪਕਾ ਦਾ ਕਹਿਣਾ ਹੈ ਕਿ ਉਸ ਦੇ ਆਪਣੇ ਵੀ ਦੋ ਬੱਚੇ ਹਨ ਉਹ ਆਪਣੇ ਬੱਚਿਆਂ ਨਾਲੋਂ ਸਕੂਲ ਵਿੱਚ ਪੜ੍ਹਦੇ ਬੱਚਿਆਂ ਤੇ ਵੱਧ ਜ਼ੋਰ ਲਾ ਰਹੀ ਹੈ। ਉਸਦਾ ਮੰਨਣਾ ਹੈ ਕਿ ਜੇਕਰ ਗਰੀਬ, ਕਿਰਤੀ, ਕਿਸਾਨਾਂ ਮਜ਼ਦੂਰਾਂ ਦੇ ਬੱਚੇ ਪੜ੍ਹਨਗੇ ਤਾਂ ਹੀ ਪ੍ਰਮਾਤਮਾ ਉਨ੍ਹਾਂ ਦੇ ਆਪਣੇ ਬੱਚਿਆਂ ਨੂੰ ਪੜ੍ਹਨ ਦੀ ਦਾਤ ਬਖਸ਼ੇਗਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਸਿੰਘ ਭਾਰਤੀ, ਸਟੇਟ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਕਿਹਾ ਕਿ ਇਸ ਅਧਿਆਪਕਾਂ ਦਾ ਇਹ ਨਿਵੇਕਲਾ ਉਪਰਾਲਾ ਬੱਚਿਆਂ ਲਈ ਸਿੱਖਿਆ ਦੇ ਖੇਤਰ ਵਿੱਚ ਇੱਕ ਅਹਿਮ ਕਾਰਗਰ ਸਾਬਤ ਹੋਵੇਗਾ। ਉੱਧਰ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਕੋਲ ਅਜਿਹੇ ਮਿਹਨਤੀ ਅਤੇ ਦ੍ਰਿੜ੍ਹ ਇਰਾਦੇ ਵਾਲੇ ਅਧਿਆਪਕ ਮੌਜੂਦ ਹਨ।