
ਮਾਨਸਾ, 14 ਜੂਨ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ) :ਅੱਜ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਰੈੱਡ ਰਿਬਨ ਕਲੱਬ ਅਤੇ ਰਾਸ਼ਟਰੀ ਸੇਵਾ ਯੋਜਨਾ ਵਿਭਾਗ ਵੱਲੋਂ ਵਿਸ਼ੇਸ਼ ਭਾਸ਼ਣ ਸਮਾਰੋਹ ਕਰਵਾਇਆ, ਜਿੱਥੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸ੍ਰ. ਰਘਵੀਰ ਸਿੰਘ ਮਾਨ ਅਤੇ ਡਾ. ਸ਼ਾਇਨਾ ਗੋਇਲ ਨੇ ਸ਼ਿਰਕਤ ਕੀਤੀ। ਜੀ ਆਇਆਂ ਨੂੰ ਆਖਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਚੱਲ ਰਹੇ ਐਜੂਕੇਸ਼ਨ ਇਨ ਬ੍ਰਿਜ ਕੋਰਸ ਦੇ ਹਿੱਸੇ ਦੇ ਨਾਲ-ਨਾਲ ਖੂਨਦਾਨ ਅਤੇ ਸਮਾਜਿਕ ਸੇਵਾਵਾਂ ਬਾਰੇ ਜਾਗਰੂਕ ਕੀਤਾ।
ਸ. ਰਘਵੀਰ ਸਿੰਘ ਮਾਨ ਨੇ ਕਿਹਾ ਕਿ ਐਮਰਜੈਂਸੀ, ਸਰਜਰੀਆਂ ਅਤੇ ਵੱਖ-ਵੱਖ ਮੈਡੀਕਲ ਸਥਿਤੀਆਂ ਦੇ ਇਲਾਜ਼ ਦੌਰਾਨ ਜਾਨਾਂ ਬਚਾਉਣ ਵਿੱਚ ਖੂਨ ਦਾਨ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਮੁੰਡੇ ਸਾਲ ਵਿੱਚ ਚਾਰ ਵਾਰ ਅਤੇ ਲੜਕੀਆਂ ਤਿੰਨ ਵਾਰ ਖੂਨਦਾਨ ਕਰ ਸਕਦੇ ਹਨ।
ਮੁੱਖ ਵਕਤਾ ਡਾ. ਸ਼ਾਇਨਾ ਗੋਇਲ ਨੇ ਇਸ ਦਿਨ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਖੂਨਦਾਨ ਨਾਲ ਜੁੜੀਆਂ ਮਿੱਥਾਂ ਕਰਕੇ ਅਸੀਂ ਕਈ ਵਾਰ ਖੁਨਦਾਨ ਕਰਨ ਤੋਂ ਕੰਨੀ ਕਤਰਾਉਂਦੇ ਹਾਂ, ਉਨ੍ਹਾਂ ਇਨ੍ਹਾਂ ਸਾਰੀਆਂ ਧਾਰਨਾਵਾਂ ਦਾ ਖੰਡਨ ਕੀਤਾ ਅਤੇ ਵਲੰਟੀਅਰਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ।
ਪ੍ਰੋਗਰਾਮ ਅਫ਼ਸਰ ਗੁਰਦੀਪ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮਾਜ ਵਿੱਚ ਵਿਚਰਦਿਆਂ ਸਾਕਾਰਤਮਕ ਨਜ਼ਰੀਏ ਤੋਂ ਕੰਮ ਕਰਨੇ ਚਾਹੀਦੇ ਹਨ। ਕੋਆਰਡੀਨੇਟਰ ਪ੍ਰੋ. ਨੀਤਿਕਾ ਗੋਇਲ ਨੇ ਕਰੈਸ਼ ਕੋਰਸ ਦੀ ਮਹੱਤਤਾ ਬਾਰੇ ਦੱਸਿਆ ਅਤੇ ਜੀਵਨ ਵਿੱਚ ਇਸ ਦੀ ਭੂਮਿਕਾ ਤੇ ਚਾਣਨਾ ਪਾਇਆ।
ਇਸ ਮੌਕੇ ਪ੍ਰੋਗਰਾਮ ਅਫਸਰ ਡਾ. ਰਿਸ਼ੀ ਕੁਮਾਰ, ਸਿਮਰਨਜੀਤ ਸਿੰਘ, ਮਨੀਸ਼ਾ ਰਾਣੀ, ਗੁਰਜਸਜੀਤ ਕੌਰ ਅਤੇ ਪ੍ਰੋ. ਰਮਨਦੀਪ ਸਿੰਘ ਹਾਜ਼ਰ ਸਨ। ਇਸ ਮੌਕੇ ਸੰਚਾਲਨ ਡਾ. ਸੁਖਜੀਤ ਕੌਰ ਨੇ ਕੀਤਾ।
