ਚੰਡੀਗੜ, 16 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਰਾਜ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਅੱਜ ਪ੍ਰੋਟੋਕੋਲ ਅਤੇ ਈਵੀਐਮ-ਵੀਵੀਪੈਟ ਦੀ ਪਹਿਲੀ ਵਾਰ ਦੀ ਚੈਕਿੰਗ (ਐਫਐਲਸੀ) ਨਾਲ ਸਬੰਧਤ ਨਿਰਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਉਣ ਲਈ ਸਾਰੇ 23 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲਾ ਚੋਣ ਅਧਿਕਾਰੀਆਂ (ਡੀਈਓ) ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ।
ਡੀਈਓਜ ਨੂੰ ਉਨਾਂ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ ਬਾਰੇ ਜਾਣੂ ਕਰਵਾਉਣ ਲਈ ਸਮੁੱਚੀ ਐਫਐਲਸੀ ਪ੍ਰਕਿਰਿਆ ਦੀ ਉਚਿਤ ਜਾਣਕਾਰੀ ਦਿੱਤੀ ਗਈ। ਇਹ ਕਿਹਾ ਗਿਆ ਕਿ ਡੀਈਓ ਸਮੁੱਚੀ ਐਫਐਲਸੀ ਪ੍ਰਕਿਰਿਆ ਲਈ ਜਿੰਮੇਵਾਰ ਹੋਣਗੇ ਅਤੇ ਐਫਐਲਸੀ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੇ। ਡੀਈਓ ਇੱਕ ਐਡੀਸ਼ਨਲ/ਡਿਪਟੀ ਡੀਈਓ ਦੀ ਨਿਯੁਕਤੀ ਕਰੇਗਾ ਜੋ ਐਫਐਲਸੀ ਸੁਪਰਵਾਈਜਰ ਵਜੋਂ ਐਫਐਲਸੀ ਪ੍ਰਕਿਰਿਆ ਨਾਲ ਪੂਰੀ ਤਰਾਂ ਜਾਣਕਾਰ ਹੋਵੇਗਾ।
ਐਫਐਲਸੀ ਪ੍ਰਕਿਰਿਆ ਵਿੱਚ ਚੈਕ ਕੀਤੀਆਂ ਜਾਣ ਵਾਲੀਆਂ ਈਵੀਐਮ ਅਤੇ ਵੀਵੀਪੈਟਸ ਦੀ ਗਿਣਤੀ ਦੇ ਅਧਾਰ ‘ਤੇ, ਸੀਈਓਜ਼ ਈਵੀਐਮ ਦੇ ਈਐਲਸੀ ਲਈ ਇੱਕ ਸਮਾਂ-ਸੂਚੀ ਤਿਆਰ ਕਰਦੇ ਹਨ ਅਤੇ ਰਾਜਨੀਤਿਕ ਪਾਰਟੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਂਦੇ ਹਨ। ਐਫਐਲਸੀ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਰਾਸ਼ਟਰੀ ਅਤੇ ਰਾਜ ਪੱਧਰੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੀ ਪ੍ਰਤੀਨਿਧਤਾ ਲਾਜਮੀ ਕੀਤੀ ਗਈ ਹੈ।
ਮੀਟਿੰਗ ਵਿੱਚ ਮੁੱਖ ਚੋਣ ਅਫਸਰ ਪੰਜਾਬ ਡਾ.ਐਸ.ਕਰੁਣਾ ਰਾਜੂ,ਪੰਜਾਬ ਦੇ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ (ਆਈਏਐਸ) ਅਤੇ ਸਟੇਟ ਈਵੀਐਮ ਨੋਡਲ ਅਫ਼ਸਰ ਮੌਜੂਦ ਸਨ।
ਸੀਈਓ, ਪੰਜਾਬ ਡਾ: ਰਾਜੂ ਨੇ ਨਿਰਦੇਸ਼ ਦਿੱਤੇ ਕਿ ਐਫਐਲਸੀ ਦੇ ਐਸਓਪੀਜ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਭਾਰਤੀ ਚੋਣ ਕਮਿਸ਼ਨ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਐਫਐਲਸੀ ਦੇ ਸਾਰੇ ਨਾਜੁਕ ਪਹਿਲੂਆਂ ਜਿਵੇਂ ਬੁਨਿਆਦੀ ਢਾਂਚਾਗਤ ਸਹੂਲਤਾਂ ਅਤੇ ਵੈਬ-ਕਾਸਟਿੰਗ/ਸੀਸੀਟੀਵੀ/ਵੀਡੀਓਗ੍ਰਾਫੀ ਦੀ ਵਿਵਸਥਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਵੀ ਉਜਾਗਰ ਕੀਤਾ ਗਿਆ ਕਿ ਵੈਬਕਾਸਟਿੰਗ ਦੀ ਫੀਡ ਦੀ ਡੀਈਓ ਅਤੇ ਸੀਈਓ ਪੱਧਰ ‘ਤੇ ਕੰਟਰੋਲ ਰੂਮ ਵਿੱਚ ਨੇੜਿਓਂ ਨਿਗਰਾਨੀ ਕੀਤੀ ਜਾਵੇ ਅਤੇ ਰਿਪੋਰਟ ਈਸੀਆਈ ਨੂੰ ਸੌਂਪੀ ਜਾਵੇ। ਐਫਐਲਸੀ ਇੱਕ ਵੱਡੇ, ਢੁੱਕਵੀਂ ਰੌਸ਼ਨੀ ਦੇ ਪ੍ਰਬੰਧ ਵਾਲੇ ਚੰਗੇ ਹਵਾਦਾਰ ਹਾਲ ਵਿੱਚ ਸਿੰਗਲ ਐਂਟਰੀ ਅਤੇ ਐਗਜ਼ਿਟ ਪੁਆਇੰਟ ਨਾਲ ਕੀਤੀ ਜਾਵੇਗੀ।
ਭਾਰਤੀ ਚੋਣ ਕਮਿਸ਼ਨ ਐਫਐਲਸੀ ਦੇ ਸ਼ੁਰੂ ਹੋਣ ਤੋਂ 3-5 ਦਿਨ ਪਹਿਲਾਂ, ਐਫਐਲਸੀ ਹਾਲ ਅਤੇ ਇਸ ਦੀ ਤਿਆਰੀ ਦਾ ਜਾਇਜਾ ਲੈਣ ਲਈ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਅਤੇ ਸੀ.ਈ.ਓ ਸਮੇਤ ਨਿਰਮਾਤਾ ਕੰਪਨੀਆਂ ਦੇ ਇੰਜੀਨੀਅਰਾਂ ਦੀ ਇੱਕ ਨਿਰੀਖਣ ਟੀਮ ਭੇਜਦਾ ਹੈ। ਡੀਈਓਜ਼ ਵੱਲੋਂ ਪਹਿਲਾਂ ਤਿਆਰੀਆਂ ਦਾ ਜਾਇਜਾ ਲੈਣਾ ਅਤੇ ਨਿਯਮਤ ਅਧਾਰ ‘ਤੇ ਅਚਨਚੇਤ ਚੈਕਿੰਗ ਕਰਨਾ ਜ਼ਰੂਰੀ ਹੈ।